Thursday, 7 June 2012

ਪਹਿਲਾਂ ਪਿਛੋਂ

ਅਸੀਂ ਅੱਗ ਤੇ ਪਾਣੀ ਪਾਉਂਦੇ ਰਹੇ, ਓਹ ਫੂਕਾਂ ਮਾਰ ਮ੍ਘਾਉਂਦੇ ਰਹੇ,
ਕੁਝ ਘਟਾ ਬੜੀ ਘਨਘੋਰ ਸੀ, ਕੁਝ ਪੈਲਾਂ ਪਾਉਂਦੇ ਮੋਰ ਸੀ |
ਅਸੀਂ ਬਣ ਘਟਾਵਾਂ ਬਰਸ ਗਏ, ਓਹ ਬੇਖਬਰੇ ਜਿਹੇ ਪਏ ਰਹੇ,
ਕੁਝ ਹਵਾ ਬੜੀ ਪੁਰਸ਼ੋਰ ਸੀ, ਕੁਝ ਹੁਸਨ ਬੜਾ ਮੂਹ੍ਜ਼ੋਰ ਸੀ |

ਅਸੀਂ ਪਿਆਰ ਦੀ ਪੁੜੀ ਲੁਟਾਉਂਦੇ ਰਹੇ, ਓਹ ਸੀਨੇ ਖਿਚਾਂ ਪਾਉਂਦੇ ਰਹੇ,
ਕੁਝ ਐਸਾ ਹੀ ਓਹ ਦੌਰ ਸੀ, ਜਦ ਸੁਪਨੇ ਵਿਚ ਚਿਤ੍ਚੋਰ ਸੀ |
ਅਸੀਂ ਦਿਲ ਦੇ ਦਾਗ ਛੁਪਾ ਬੈਠੇ, ਓਹ ਗੱਲਾਂ ਜਿਹੀਆਂ ਬਣਾਉਂਦੇ ਰਹੇ,
ਕੁਝ ਉਮਰ ਨਵੀ ਨਕੋਰ ਸੀ, ਕੁਝ ਦਿਲ ਦੇ ਵਿਚ ਵੀ ਖੋਰ ਸੀ

ਅੰਤਿਮ ਸੰਸਕਾਰ

ਜਾਲ ਦਿੱਤੇ ਉਦੋਂ ਸਾਰੇ, ਖ਼ਤ ਤੇਰੇ ਹਾਣੀਆ,
ਜਦੋਂ ਛ੍ਹੋਏ ਕਿਸੇ ਹੱਥ , ਹੱਥ ਤੇਰੇ ਹਾਣੀਆ |

ਖਤਾਂ ਨੂੰ ਜਲਾਣ ਦਾ,
ਕਾਲਜਾ ਬਣਾ ਲਿਆ |
ਕੰਬਦੇ ਮੈਂ ਹੱਥਾਂ ਨਾਲ,
ਤੀਲ੍ਹ੍ੜਾ ਜਲਾ ਲਿਆ |
ਦੇਖ ਸਕਿਆ ਨਾ ਜਲਦੇ,
ਸਿਰ ਜਾਹ ਘੁਮਾ ਲਿਆ |
ਹੰਝੂਆਂ ਨੇ ਅਖੀਆਂ 'ਚ,
ਡੇਰਾ ਜਾਹ ਜਮਾ ਲਿਆ |
ਆਖਰੀ ਸਲਾਮ ਇਵੇਂ, ਹੋਇਆ ਮੇਰੇ ਹਾਣੀਆ,
ਜਦੋਂ ਛ੍ਹੋਏ ਕਿਸੇ ਹੱਥ , ਹੱਥ ਤੇਰੇ ਹਾਣੀਆ |
ਜਾਲ ਦਿੱਤੇ ਉਦੋਂ ਸਾਰੇ, ਖ਼ਤ ਤੇਰੇ ਹਾਣੀਆ |

ਪਲਾਂ ਵਿਚ ਅੱਗ ਨੇ,
ਬਣਾਕੇ ਰਾਖ ਰੱਖਤਾ |
ਸ਼ਾਮਾਂ ਬੰਨੀਂ ਜਾਣ ਡਿਹਾ,
ਯਾਦਾਂ ਦਾ ਸਵੱਖਤਾ |
ਹਵਾ ਦਿਆਂ ਝੋੰਕਿਆਂ ਨੇ,
ਪਾ 'ਤਾ ਫੇਰ ਵੱਖਤਾ |
ਅੱਧਾ ਜਲਿਆ ਖ਼ਤ ਇੱਕ,
ਲਿਆ ਕੇ ਸਾਹਵੇਂ ਰੱਖਤਾ |
ਹੱਡਾਂ ਤਾਣੀ ਰਚ ਗਈ,ਚੀਸ ਮੇਰੇ ਹਾਣੀਆ,
ਜਦੋਂ ਛ੍ਹੋਏ ਕਿਸੇ ਹੱਥ , ਹੱਥ ਤੇਰੇ ਹਾਣੀਆ |
ਜਾਲ ਦਿੱਤੇ ਉਦੋਂ ਸਾਰੇ, ਖ਼ਤ ਤੇਰੇ ਹਾਣੀਆ |

ਆਖਰੀ ਨਿਸ਼ਾਨੀ ਇਹ ਜੋ,
ਸਾਂਭ ਮੈਨੇਂ ਰੱਖ ਲਈ |
ਫੋਟੋ ਤੇਰੇ ਖ਼ਤ ਦੀ,
ਜੜਾ ਕੇ ਮੈਨੇਂ ਰੱਖ ਲਈ |
ਫੁੱਲਾਂ ਵਾਲੀ ਮਾਲਾ ਵੀ,
ਚੜ੍ਹਾ ਕੇ ਇੱਕ ਰੱਖ ਲਈ |
ਨਾਲੇ ਰਾਖ ਦੀ ਮੈਂ ਪੋਟਲੀ,
ਬਣਾ ਕੇ ਇੱਕ ਰੱਖ ਲਈ |
ਗੰਗਾ ਵਿਚ ਤਾਰੇ ਕੱਲ, ਫੁੱਲ ਮੇਰੇ ਹਾਣੀਆ,
ਜਦੋਂ ਛ੍ਹੋਏ ਕਿਸੇ ਹੱਥ , ਹੱਥ ਤੇਰੇ ਹਾਣੀਆ |
ਜਾਲ ਦਿੱਤੇ ਉਦੋਂ ਸਾਰੇ, ਖ਼ਤ ਤੇਰੇ ਹਾਣੀਆ |

ਵਿਚੋਂ-ਵਿਚੋਂ

ਊਪਰੋਂ ਤਾਂ ਬੜਾ ਤੂੰ, ਮਿਠਾ ਜਿਹਾ ਬੋਲਦਾ,
ਘੋਲਦਾ ਹੈਂ ਜਹਿਰ ਪਰ, ਦਿਲਾ ਵਿਚੋਂ-ਵਿਚੋਂ |

ਟੁੱਟ ਕੇ ਇਹ ਯਾਰੀਆਂ, ਸੌ ਵਾਰ ਪੈਣ ਚਾਹੇ,
ਮਿਟਦਾ ਨਾ ਫੇਰ ਵੀ, ਗਿਲਾ ਵਿਚੋਂ-ਵਿਚੋਂ |

ਜਿੰਦਗੀ 'ਚ ਸਭ ਕੁਝ, ਹੁੰਦੇ ਹੋਏ ਫੇਰ ਵੀ,
ਜਾਪਦਾ ਏ ਤੇਰੇ ਬਾਝੋਂ, ਖਲਾਅ ਵਿਚੋਂ-ਵਿਚੋਂ |

ਕੰਨਾਂ ਵਾਲੇ ਕੱਚੇ ਭਾਵੇਂ, ਲਖ ਹੋਣ ਸੱਚੇ,
ਢਾਹ ਦਿੰਦੇ ਫੇਰ ਵੀ, ਕਿਲਾ ਵਿਚੋਂ-ਵਿਚੋਂ |

ਜਾਇਆ ਨਹੀਓਂ ਜਾਂਦੇ, ਨਾਅਰੇ ਇਨਕਲਾਬ ਦੇ,
ਦਿੰਦੇ ਇਹ ਨੀਹਾਂ ਨੂੰ, ਹਿਲਾ ਵਿਚੋਂ-ਵਿਚੋਂ |

ਬਿਰਹੋਂ ਦੀ ਅੱਗ, ਜਿਓਂ ਮਘਦਾ ਅਹਾਰਾ
ਦੇਵੇ ਇਹ ਪਿੰਡੇ ਨੂੰ, ਜਲਾ ਵਿਚੋਂ-ਵਿਚੋਂ |

ਨਸ਼ੇ ਵਾਲਾ ਕੋਹੜ, ਸਿਓਂਕ ਵਾਂਗੂ ਖਾਂਵਦਾ,
ਦਿੰਦਾ ਇਹ ਅੰਗ ਸੋਨੀ, ਗਲਾ ਵਿਚੋਂ-ਵਿਚੋਂ |   

ਫ਼ਰਕ

ਮੇਰੇ ਬੇਟੇ ਓਹਦੇ ਪੁੱਤ ਨੂੰ,
ਟੋਮੀ ਕਹਿਕੇ ਸੱਦ ਦੇ
ਟੁੱਕਰਾਂ ਓਹ ਓਸ ਨੂੰ
ਪਾਉਣ ਲੱਗੇ ਜਦ ਦੇ
ਦੁਨੀਆ ਤੇ ਵੰਡ ਦਾ
ਇਹੀ ਹੈ ਕਾਨੂਨ
ਮੇਰਾ ਉਚ੍ਹਾ ਸੁਚ੍ਹਾ ਖੂਨ
ਓਹਦੀ ਕੁੱਤੇ ਵਾਲੀ ਜੂਨ

ਮੈਂ ਤਾਂ ਵੱਡੀ ਥਾਲੀ ਡਫਦਾ
ਨਾਲੇ ਜੂਠ ਬਹੁਤ ਛੱਡ ਦਾ
ਓਹਦਾ ਡੰਗ ਮਸਾਂ ਟੱਪਦਾ
ਸਦਾ ਭਾਂਡੇ ਰਵੇ ਚਟਦਾ
ਮੈਂ ਤਾਂ ਖਾਵਾਂ ਸੁੱਕੇ ਮੇਵੇ
ਓਹ ਰੋਟੀ ਨਾਲ ਲੂਣ
ਮੇਰਾ ਉਚ੍ਹਾ ਸੁਚ੍ਹਾ ਖੂਨ
ਓਹਦੀ ਕੁੱਤੇ ਵਾਲੀ ਜੂਨ

ਮੈਂ ਵਾਂਗ ਰਾਜੇਆਂ ਦੇ ਰਹਿੰਦਾ
ਝੂਟੇ ਕਾਰਾਂ ਉੱਤੇ ਲੈਂਦਾ
ਓਹ ਭੁੰਜੇ ਦੇਖੋ ਬਹਿੰਦਾ
ਨਾਲੇ ਤੱਪਡਾਂ ਤੇ ਸੌਂਦਾ
ਮੈਂ ਤਾਂ ਹਸਾਂ ਖੇਡਾਂ ਗਾਵਾਂ
ਓਹਦੇ ਮਨ ਨੀ ਸਕੂਨ
ਮੇਰਾ ਉਚ੍ਹਾ ਸੁਚ੍ਹਾ ਖੂਨ
ਓਹਦੀ ਕੁੱਤੇ ਵਾਲੀ ਜੂਨ

ਜਿਥੇ ਓਹਨੁ ਹੋ ਜਲਾਂਦੇ
ਓਹ ਜਗਾਹ ਜਾਵੇ ਭਿੱਟੀ
ਮੇਰੇ ਨਾਲ ਕਦੀ ਓਹਦੀ 
ਨਾ ਰਲਾਓ ਤੁਸੀਂ ਮਿੱਟੀ
ਮੇਰੀ ਮਿੱਟੀ ਹੈਗੀ ਹੋਰ
ਓਹਦੀ ਮਿੱਟੀ ਵਿਚ ਊਣ
ਮੇਰਾ ਉਚ੍ਹਾ ਸੁਚ੍ਹਾ ਖੂਨ
ਓਹਦੀ ਕੁੱਤੇ ਵਾਲੀ ਜੂਨ Sony/19-May-2011

ਕਦਰਾਂ

ਕੈਸੇ ਦਿਨ ਆਏ ਨੀ ਮਾਏ, ਛਵੀਆਂ ਦੀ ਰੁੱਤ ਲੈ ਕੇ ,
ਭਰ ਜਾਂਦੀ ਲੋਥਾਂ ਨਾਲ, ਸ਼ਮਸ਼ਾਨ ਕਹਿੰਦੇ-ਕਹਿੰਦੇ |

ਪਾਲਦੀ ਸੀ ਪੇਟ ਜੋ, ਅਨਾਥ ਹੋਏ ਬਾਲ੍ੜਾਂ ਦਾ,
ਸਾੜ ਦਿੱਤੀ ਲੋਕਾਂ ਨੇ, ਦੁਕਾਨ ਕਹਿੰਦੇ-ਕਹਿੰਦੇ |

ਪੈਸੇ ਦੇ ਢੇਰ ਨੇ, ਦਬਾ ਲਿਆ ਇਨਸਾਫ਼,
ਰੁਕ ਜਾਂਦੀ ਜੋ ਵੇਖਦੀ, ਜ਼ੁਬਾਨ ਕਹਿੰਦੇ-ਕਹਿੰਦੇ |

ਛਲ ਕਪਟ ਵਿਤਕਰਾ, ਤੇ ਨਾਲ ਚਰਿਤਰਹੀਣਤਾ,
ਬਣ ਗਏ ਨੇ ਸਾਡੇ ਇਹ, ਈਮਾਨ ਕਹਿੰਦੇ-ਕਹਿੰਦੇ |

ਆਪਣੇ ਘੋਟਾਲੇ ਕਦੇ, ਚਿਤ ਵਿਚ ਆਏ ਨਹੀਓਂ,
ਸਾਥੋਂ ਪਾਈ ਵੀ ਵਸੂਲ ਲਈ, ਲਗਾਨ ਕਹਿੰਦੇ-ਕਹਿੰਦੇ |

ਕੁਝ ਐਸਾ ਹੀ ਤਾਂ ਹੋਇਆ ਸੀ, ਸੰਨ ੫੭ ਵਿਚ,
ਖੋਹ ਲਏ ਜਦ ਘਰ ਸਾਡੇ, ਮਹਿਮਾਨ ਕਹਿੰਦੇ-ਕਹਿੰਦੇ |

ਦਾਨ ਲੈਣ ਲੱਗੇ ਸਭ ਝੋਲੀਆਂ ਫੈਲਾਤੀਆਂ,
ਪਾਈ ਪੈਂਟ ਵੀ ਲੁਹਾ ਲਈ, ਜਜਮਾਨ ਕਹਿੰਦੇ-ਕਹਿੰਦੇ |

ਘਰ ਰਹਿਣ ਮਾਪੇ ਮੇਰੇ, ਵਾਂਗਰ ਪਰਾਇਆਂ ਦੇ,
ਥੱਕਾਂ ਨਾ ਮੈਂ ਇਸਨੂੰ, ਅਹਿਸਾਨ ਕਹਿੰਦੇ-ਕਹਿੰਦੇ |

ਗਧੇ ਪੁਛ ਲਿਆ ਅੱਜ, ਮੈਨੂੰ ਮੇਰੀ ਜਾਤ ਬਾਰੇ,
ਪਾਣੀ-ਪਾਣੀ ਹੋ ਗਿਆ, ਇਨਸਾਨ ਕਹਿੰਦੇ-ਕਹਿੰਦੇ |

ਹੰਝੂ

ਇਹ ਨਿੱਕਾ ਨਿੱਕਾ ਗੋਲ ਗੋਲ
ਪਲਕਾਂ ਦੀਆਂ ਪਰਤਾਂ ਫੋਲ ਫੋਲ,
ਜਦ ਆਪ ਮੁਹਾਰੇ ਵਗਦਾ ਹੈ,
ਪਥਰਾਂ ਨੂੰ ਪਾਣੀ ਕਰਦਾ ਹੈ |

ਕੁਝ ਮਰੀਆਂ ਹੋਈਆ ਸਧਰਾਂ ਦੀ,
ਤੇ ਮੈਲੀਆਂ ਹੋਈਆ ਚਦਰਾਂ ਦੀ,
ਇਹ ਖੂਬ ਗਵਾਹੀ ਭਰਦਾ ਹੈ,
ਜਦ ਅਖੀਓ ਛਮ ਛਮ ਵਰਦਾ ਹੈ |

ਰਸਮਾਂ ਦੀ ਸੂਲੀ ਚੜਿਆਂ ਦਾ,
ਵਿਚ ਇਸ਼ਕ ਦੇ ਹਰਿਆਂ ਦਾ,
ਬਣ ਸਾਥੀ ਹਾਮੀ ਭਰਦਾ ਹੈ,
ਰਾਤਾਂ ਸਿਲੀਆਂ ਕਰਦਾ ਹੈ |

ਟਹਿਨੋਂ ਪੱਤਾ ਟੁੱਟਾ ਕੋਈ,
ਜੜ ਤੋਂ ਫੜਕੇ ਪੁੱਟਾ ਕੋਈ,
ਜਦ ਲੰਮੇ ਸਾਹ ਓਹ ਭਰਦਾ ਹੈ,
ਇਹਦੇ ਸਬਰ ਦਾ ਪੱਲਾ ਫੜਦਾ ਹੈ 

ਸ਼ਾਮ ਸੰਧੂਰੀ

ਰੁਕੀਆਂ ਟਿੰਡਾਂ ਖੂਹ ਦੀਆਂ,
ਹੁਣ ਭਰਨੋ ਪਾਣੀ,
ਤੁਰ ਪਈ ਘਰ ਨੂੰ ਆਪਨੇ,
ਚਿੜੀਆਂ ਦੀ ਢਾਣੀ,
ਨੀਲੇ ਅਸਮਾਨ 'ਚ ਫੈਲਦੀ,
ਜਦ ਸ਼ਾਮ ਸੰਧੂਰੀ,
ਮੈਨੂੰ ਨੇੜੇ ਹੁੰਦੀ ਜਾਪਦੀ,
ਓਹ ਚੰਨ ਦੀ ਦੂਰੀ,

ਦਰਵਾਜ਼ੇ ਰੌਣਕਾਂ ਲੱਗੀਆਂ,
ਮਿਲ ਬੈਠੇ ਹਾਣੀ,
ਓਹ ਬਾਤਾਂ ਐਸੀਆਂ ਪਾ ਰਹੇ
ਨਾ ਕੋਈ ਸਾਨੀ,
ਜਦ ਦੂਰੋਂ ਕੰਨੀ ਗੂੰਜਦੀ,
ਬਲਦਾਂ ਨੂੰ ਘੂਰੀ,
ਮੈਨੂੰ ਨੇੜੇ ਹੁੰਦੀ ਜਾਪਦੀ,
ਓਹ ਚੰਨ ਦੀ ਦੂਰੀ |

ਬਨੇਰੇ ਤੋਂ ਧੂਆਂ ਉਠਦਾ,
ਚੁੱਲੇ ਬਹੀ ਸੁਆਣੀ,
ਬਾਬੇ ਵੇਹੜੇ ਪੁੱਜ ਗਏ,
ਪੁਛੋ ਪਾਣੀ ਧਾਣੀ,
ਬੇਬੇ ਸਿਰ ਤੇ ਮਾਰ ਲਈ,
ਜਦ ਬੁੱਕਲ ਪੂਰੀ,
ਮੈਨੂੰ ਨੇੜੇ ਹੁੰਦੀ ਜਾਪਦੀ,
ਓਹ ਚੰਨ ਦੀ ਦੂਰੀ |

ਜੁਗਨੂ ਜਗ ਬੁਝ ਕਰ ਰਿਹਾ,
ਓਹ ਝੀਤਾਂ ਥਾਣੀ,
ਖੁਸ਼ਬੂਆਂ ਵੰਡਦੀ ਜਾ ਰਹੀ,
ਅਹਾ! ਰਾਤ ਦੀ ਰਾਣੀ,
ਇਨ੍ਹਾ ਮਹਿਕਾਂ ਸੰਗ ਜਾਂਵਦੀ,
ਜਦ 'ਵਾ ਸਰੂਰੀ,
ਮੈਨੂੰ ਨੇੜੇ ਹੁੰਦੀ ਜਾਪਦੀ,
ਓਹ ਚੰਨ ਦੀ ਦੂਰੀ |