Thursday, 7 June 2012

ਕਦਰਾਂ

ਕੈਸੇ ਦਿਨ ਆਏ ਨੀ ਮਾਏ, ਛਵੀਆਂ ਦੀ ਰੁੱਤ ਲੈ ਕੇ ,
ਭਰ ਜਾਂਦੀ ਲੋਥਾਂ ਨਾਲ, ਸ਼ਮਸ਼ਾਨ ਕਹਿੰਦੇ-ਕਹਿੰਦੇ |

ਪਾਲਦੀ ਸੀ ਪੇਟ ਜੋ, ਅਨਾਥ ਹੋਏ ਬਾਲ੍ੜਾਂ ਦਾ,
ਸਾੜ ਦਿੱਤੀ ਲੋਕਾਂ ਨੇ, ਦੁਕਾਨ ਕਹਿੰਦੇ-ਕਹਿੰਦੇ |

ਪੈਸੇ ਦੇ ਢੇਰ ਨੇ, ਦਬਾ ਲਿਆ ਇਨਸਾਫ਼,
ਰੁਕ ਜਾਂਦੀ ਜੋ ਵੇਖਦੀ, ਜ਼ੁਬਾਨ ਕਹਿੰਦੇ-ਕਹਿੰਦੇ |

ਛਲ ਕਪਟ ਵਿਤਕਰਾ, ਤੇ ਨਾਲ ਚਰਿਤਰਹੀਣਤਾ,
ਬਣ ਗਏ ਨੇ ਸਾਡੇ ਇਹ, ਈਮਾਨ ਕਹਿੰਦੇ-ਕਹਿੰਦੇ |

ਆਪਣੇ ਘੋਟਾਲੇ ਕਦੇ, ਚਿਤ ਵਿਚ ਆਏ ਨਹੀਓਂ,
ਸਾਥੋਂ ਪਾਈ ਵੀ ਵਸੂਲ ਲਈ, ਲਗਾਨ ਕਹਿੰਦੇ-ਕਹਿੰਦੇ |

ਕੁਝ ਐਸਾ ਹੀ ਤਾਂ ਹੋਇਆ ਸੀ, ਸੰਨ ੫੭ ਵਿਚ,
ਖੋਹ ਲਏ ਜਦ ਘਰ ਸਾਡੇ, ਮਹਿਮਾਨ ਕਹਿੰਦੇ-ਕਹਿੰਦੇ |

ਦਾਨ ਲੈਣ ਲੱਗੇ ਸਭ ਝੋਲੀਆਂ ਫੈਲਾਤੀਆਂ,
ਪਾਈ ਪੈਂਟ ਵੀ ਲੁਹਾ ਲਈ, ਜਜਮਾਨ ਕਹਿੰਦੇ-ਕਹਿੰਦੇ |

ਘਰ ਰਹਿਣ ਮਾਪੇ ਮੇਰੇ, ਵਾਂਗਰ ਪਰਾਇਆਂ ਦੇ,
ਥੱਕਾਂ ਨਾ ਮੈਂ ਇਸਨੂੰ, ਅਹਿਸਾਨ ਕਹਿੰਦੇ-ਕਹਿੰਦੇ |

ਗਧੇ ਪੁਛ ਲਿਆ ਅੱਜ, ਮੈਨੂੰ ਮੇਰੀ ਜਾਤ ਬਾਰੇ,
ਪਾਣੀ-ਪਾਣੀ ਹੋ ਗਿਆ, ਇਨਸਾਨ ਕਹਿੰਦੇ-ਕਹਿੰਦੇ |

No comments:

Post a Comment