Thursday, 7 June 2012

ਪਰ੍ਦੇਸੀਓ

ਰੋਂਦੀਆਂ ਮਾਵਾਂ ਪੁੱਤਾਂ ਨੂੰ,
ਵਿਚ ਵਲਾਇਤੀਂ ਬਹਿ ਗਏ ਜੋ,
ਮੁੜ ਵਤਨੀ ਨਾ ਫੇਰੀ ਪਾਈ,
ਜਲਦੀ ਆਊਨ ਨੂੰ ਕਹਿ ਗਏ ਜੋ,
ਖੂਹ ਨੈਣਾਂ ਦੇ ਖਾਲੀ ਹੋ ਗਏ,
ਤਕ ਸੁਨੀਆਂ ਰਾਹਾਂ ਵਹਿ ਗਏ ਜੋ,
ਦਿਲ ਦੇ ਵਿਚ ਹੀ ਹਾੜ ਲਏ ਨੇ,
ਅਥਰੂ ਕਿਰਨੋਂ ਰਹਿ ਗਏ ਜੋ |

ਉਮਰ ਬਾਪੂ ਦੀ ਢਲ ਚੱਲੀ ਹੈ,
ਨਾ ਤੂੰ ਪਰਦੇਸੋਂ ਮੁੜਿਆ ਵੇ,
ਫੜ ਡੰਗੋਰੀ ਡਿਗ ਢਹਿ ਪੈਂਦਾ,
ਹੁਣ ਨਾ ਜਾਵੇ ਤੁਰਿਆ ਵੇ,
ਪਾਏ ਵਿਛੋੜੇ ਛਾਲੇ ਦਿਲ ਵਿਚ,
ਰਹਿੰਦਾ ਹਰ ਦਮ ਝੁਰਿਆ ਵੇ,
ਰੀਝਾਂ ਦਾ ਇਹ ਫੁੱਲ ਪਤਾਸ਼ਾ,
ਵਿਚ ਪਾਣੀ ਦੇ ਖੁਰਿਆ ਵੇ |

ਭੈਣ ਤੇਰੀ ਦਾ ਹਾਲ ਬੁਰਾ,
ਹਰਦਮ ਇਹ ਫਰਿਆਦ ਕਰੇ,
ਜਦ ਵੀ ਰਖੜੀ ਜਾਂ ਦੁਸਹਿਰਾ,
ਹਰਦਮ ਤੈਨੂੰ ਯਾਦ ਕਰੇ,
ਸੌ-ਸੌ ਵਾਰੀ ਨਾਂ ਹੈ ਲੈਂਦੀ,
ਯਾਦ ਖੁਦਾ ਨੂ ਬਾਅਦ ਕਰੇ,
ਬੈਠੀ ਆਸ ਦਾ ਦੀਵਾ ਬਾਲੀ,
ਦੁਨੀਆ ਓਹਦੀ ਆਬਾਦ ਕਰੇ |

ਚਾਚੇ, ਤਾਏ, ਮਾਸੜ, ਫੁਫੜ,
ਤੋੜ ਸ਼ਕੀਰੀ ਬਹਿ ਗਏ ਨੇ,
ਵਿਚ ਪਿੰਡ ਦੇ ਮਾਪੇ ਤੇਰੇ,
ਕੱਲਮ ਕੱਲੇ ਰਹਿ ਗਏ ਨੇ,
ਉਮਰਾਂ ਦੇ ਇਹ ਬਿਖਰੇ ਪੈਂਡੇ,
ਨਾਲ ਸਿਸਕੀਆਂ ਸਹਿ ਗਏ ਨੇ,
ਹੁੰਦੀ ਪੁੱਤਾਂ ਨਾਲ ਹੀ ਰੌਣਕ,
ਸਾਧੂ ਸੰਤ ਵੀ ਕਹਿ ਗਏ ਨੇ |

No comments:

Post a Comment