Thursday, 7 June 2012

ਤਲਖੀਆਂ

ਕਿਵੇਂ ਰਹੇ ਸਤਿਕਾਰ ਹੁਣ, ਘਰ ਵਿਚ ਵੱਡੇ ਬਾਬੇ ਦਾ,
ਜਦ ਮਾਵਾਂ ਬਚੇ ਪਾਲਦੀਆਂ, ਸੁੱਕੇ ਦੁਧ ਪਿਲਾ ਕੇ |

ਪੁਛੋਂ ਕੀ ਮਜਲੂਮਾਂ ਨੂੰ, ਕਾਮਾ ਹੈ ਕਮਜ਼ੋਰ ਹੋਇਆ,
ਬਣ ਗਏ ਵੱਡੇ ਨੇਤਾ ਓਹ ਜੋ ਤੁਰਦੇ ਢਿਡ ਹਿਲਾ ਕੇ |

ਨਕਲੀ ਦੀ ਭਰਮਾਰ ਪਈ, ਦਵਾ ਵੀ ਨਕਲੀ ਹੋ ਗਈ ਏ,
ਭੁਗਤਨਗੇ ਓਹ ਆਖਰ ਨੂੰ, ਜੋ ਵੇਚਣ ਜਹਿਰ ਮਿਲਾ ਕੇ |

ਪੈਂਦੇ ਡਾਕੇ ਘਰੋਂ ਘਰੀਂ, ਰਿਸ਼ਵਤਖੋਰੀ ਬਾਦਸਤੂਰ,
ਚੋਰਾਂ ਦੇ ਸੰਗ ਵਾੜ ਵੀ, ਹੁਣ ਉੱਡੇ ਖੰਭ ਫੈਲਾ ਕੇ |

ਕੁਝ ਤਾਂ ਸ਼ਾਹੂਕਾਰਾਂ ਲੁਟਿਆ, ਹੜ੍ਹ ਸੋਕੇ ਵੀ ਮਾਰ ਲਿਆ,
ਉਹ ਸਾਡਾ ਅੰਨਦਾਤਾ ਜੋ, ਰੋਂਦਾ ਰਹੇ ਚਿਲਾ ਕੇ |

ਹੈ ਹਵਾ ਦੇ ਵਿਚ ਦੁਰਗੰਧ ਜਿਹੀ, ਇਕ ਝੂਠ ਹਨੇਰੀ ਵਗਦੀ ਏ,
ਚਲਿਆ ਸੀ ਜੋ ਮਾਰਗ ਸਚੇ, ਬੈਠਾ ਗੋਡ ਛਿਲਾ ਕੇ |

ਕਹਿੰਦੇ ਸੀ ਜੋ ਬਦਲ ਦਿਆਂਗੇ, ਨ੍ਹੇਰੇ ਨੂੰ ਰੁਸ਼ਨਾਈਆਂ ਤੀਕ,
ਵਿਚ ਪਤਾਲੀਂ ਬੈਠ ਗਏ ਓਹ, ਸਭ ਕੁਝ ਛਿੱਕੇ ਲਾ ਕੇ |

ਲਭਦਾ ਕਿਉਂ ਏ ਯਾਰਾ ਹੁਣ ਤੂੰ, ਮੋਤੀ ਸੀਪ ਦੇ ਸਾਗਰ ਵਿਚੋਂ,
ਮਗਰਮਛ ਹੀ ਪਾਲੇ ਹਨ ਅਸੀਂ, ਮਛੀਆਂ ਖੂਬ ਖਿਲਾ ਕੇ |

No comments:

Post a Comment