Thursday, 7 June 2012

ਹਥਾਂ ਦੀਆਂ ਕਿਸਮਾਂ

ਇਕ ਹਥ ਵਿਚ ਕਿਸਮਤ ਮਾੜੀ ਹੈ,
ਇਕ ਹਥ ਵਿਚ ਦੌਲਤ ਭਾਰੀ ਹੈ,
ਇਕ ਹਥ ਨੇ ਫੜੀ ਕਟਾਰੀ ਹੈ,
ਇਕ ਹਥ ਛਾਵਾਂ ਕਰਦਾ ਹੈ |

ਇਕ ਹਥ ਨੇ ਦਿੱਤੇ ਸਹਾਰੇ ਨੇ,
ਇਕ ਹਥ ਨੇ ਲਖਾਂ ਤਾਰੇ ਨੇ,
ਇਕ ਹਥ ਨੇ ਲਖਾਂ ਮਾਰੇ ਨੇ,
ਇਕ ਹਥ ਰਖਿਆ ਕਰਦਾ ਹੈ |

ਇਕ ਹਥ ਨੇ ਕਹਿਰ ਬਰਪਾਏ ਨੇ,
ਇਕ ਹਥ ਨੇ ਲਾਡ ਲਡਾਏ ਨੇ,
ਇਕ ਹਥ ਨੇ ਬੂਟੇ ਲਾਏ ਨੇ,
ਇਕ ਹਥ ਜੰਗਲ ਕਟਦਾ ਹੈ |

ਇਕ ਹਥ ਜਾਲ ਵਿਛਾਉਂਦਾ ਹੈ,
ਇਕ ਹਥ ਚੋਗ ਚੁਗਾਉਂਦਾ ਹੈ,
ਇਕ ਹਥ ਹੁਕਮ ਚਲਾਉਂਦਾ ਹੈ,
ਇਕ ਹਥ ਸਲਾਮਾਂ ਕਰਦਾ ਹੈ |

ਇਕ ਹਥ ਜਿਹਾ ਜਾਨੀ ਕੋਈ ਨਹੀ,
ਇਕ ਹਥ ਦਾ ਸਾਨੀ ਕੋਈ ਨਹੀ,
ਇਕ ਹਥ ਜਿਹਾ ਦਾਨੀ ਕੋਈ ਨਹੀ,
ਇਕ ਹਥ ਸਦਾ ਮੂੰਹ ਅੱਡਦਾ ਹੈ |

ਇਕ ਹਥ ਮੀਤ ਬਣਾਉਂਦਾ ਹੈ,
ਇਕ ਹਥ ਫਾਂਸੀ ਲਾਉਂਦਾ ਹੈ,
ਇਕ ਹਥ ਰੱਜ ਖੁਆਉਂਦਾ ਹੈ,
ਇਕ ਹਥ ਹਮੇਸ਼ਾ ਲੁੱਟਦਾ ਹੈ |

ਇਕ ਹਥ ਮਹਿਲ ਬਣਾਉਂਦਾ ਹੈ,
ਇਕ ਹਥ ਕੰਗਰੇ ਢਹਾਉਂਦਾ ਹੈ,
ਇਕ ਦੇਹ ਥਾਪੀ ਸ਼ੇਰ ਬਣਾਉਂਦਾ ਹੈ,
ਇਕ ਹਥ ਸਦਾ ਹੀ ਕੰਬਦਾ ਹੈ |

ਇਕ ਹਥ ਤੀਰ ਚਲਾਉਂਦਾ ਹੈ,
ਇਕ ਹਥ ਮੱਲਮ ਲਾਉਂਦਾ ਹੈ,
ਇਕ ਹਥ ਟਲ ਬਜਾਉਂਦਾ ਹੈ,
ਇਕ ਹਥ ਸੱਪ ਬਣ ਡਸਦਾ ਹੈ |

ਇਕ ਹਥ ਵੇਹਲਾ ਗਾਉਂਦਾ ਹੈ,
ਇਕ ਹਥ ਬੋਝਾ ਢਾਉਂਦਾ ਹੈ,
ਇਕ ਹਥ ਪਾਪ ਕਮਾਉਂਦਾ ਹੈ,
ਇਕ ਹਥ ਦੁਆ ਲਈ ਉਠਦਾ ਹੈ |

No comments:

Post a Comment