Thursday, 7 June 2012

ਮੈਂ ਕਹਾਂਗਾ ਰੌਸ਼ਨੀ ਨੂੰ

ਮੈਂ ਦੇਖੀ ਭਾਂਡੇ ਮਾਂਜ੍ਦੀ,
ਸੜਕਾਂ ਤੇ ਝਾੜੂ ਲਾਂਵ੍ਦੀ,
ਚੁੱਕ ਗੋਦੀ ਬਚੇ ਸਾਂਭਦੀ,
ਤੇ ਗਲੀ 'ਚ ਫੇਰਾ ਪਾਂਵ੍ਦੀ,
ਹਾਲੀ ਉਮਰ ਨਿਆਣੀ ਸੀ ਬੜੀ,
ਓਹ ਵਿਚ ਸਕੂਲ ਦੇ ਨਾ ਪੜ੍ਹੀ,
ਇਕ ਪੇਟ ਦੀ ਖਾਤਿਰ ਕਰੀ ਅੜੀ
ਗਿਆ ਬਚਪਨ ਮਾਰ ਉਡਾਰੀ ਜੀ,
ਮੈਂ ਕਹਾਂਗਾ ਰੌਸ਼ਨੀ ਨੂੰ,
ਹੁਣ ਆ ਕੇ ਲਾਹ ਬਿਮਾਰੀ ਜੀ |

ਕਈ ਨਿੱਕੀ ਉਮਰੇ ਮੰਗ ਦਿੱਤੇ,
ਵਿਆਹ ਦੀ ਸੂਲੀ ਟੰਗ ਦਿੱਤੇ,
ਕਰ ਹਾਸ਼ੀਏ ਉਨ੍ਹਾ ਦੇ ਤੰਗ ਦਿੱਤੇ,
ਵਿਚ ਭਰ ਨੇ ਕਾਲੇ ਰੰਗ ਦਿੱਤੇ |
ਜਿਹੜੇ ਹਥੀਂ ਲਾਏ ਸਨ ਬੂਟੇ,
ਖੁਦ ਸੰਘ ਉਨ੍ਹਾਂ ਦੇ ਹਨ ਘੁੱਟੇ,
ਕਈ ਬੀਜ਼ ਪੇਟ ਵਿਚ ਭੰਨ ਸੁੱਟੇ,
ਉਨ੍ਹਾਂ ਤੇਜ਼ ਚਲਾ ਕੇ ਆਰੀ ਜੀ,
ਮੈਂ ਕਹਾਂਗਾ ਰੌਸ਼ਨੀ ਨੂੰ,
ਹੁਣ ਆ ਕੇ ਲਾਹ ਬਿਮਾਰੀ ਜੀ |

ਜ਼ਬਰ ਦੀ ਚਾਰਦੀਵਾਰੀ ਹੈ,
ਕੰਮੀਆਂ ਤੇ ਦਾਵੇਦਾਰੀ ਹੈ,
ਝੂਠ ਦੀ ਹੋਈ ਸਵਾਰੀ ਹੈ,
ਮਤਲਬ ਦੀ ਦੁਨੀਆ ਸਾਰੀ ਹੈ |
ਇਥੇ ਮੌਤ ਦੇ ਹੋਏ ਸਮਾਨ ਬੜੇ,
ਕਈ ਹਥ 'ਚ ਫੜੀ ਕਮਾਨ ਖੜ੍ਹੇ,
ਬਸ ਵਾਚਣ ਕਦ ਉਡਾਨ ਭਰੇ,
ਇਹ ਪੰਛੀ ਵਾਰੋ ਵਾਰੀ ਜੀ,
ਮੈਂ ਕਹਾਂਗਾ ਰੌਸ਼ਨੀ ਨੂੰ,
ਹੁਣ ਆ ਕੇ ਲਾਹ ਬਿਮਾਰੀ ਜੀ |

ਰੁਖਾਂ ਦੀ ਬਸਤੀ ਕਟਾ ਦਿੱਤੀ,
ਪਸ਼ੂਆਂ ਦੀ ਹਸਤੀ ਮਿਟਾ ਦਿੱਤੀ,
ਖੂਨ ਦੀ ਕੀਮਤ ਘਟਾ ਦਿੱਤੀ,
ਸਚ ਦੀ ਜਗਾਹ ਹਟਾ ਦਿੱਤੀ |
ਕੁਦਰਤ ਨਾ’ ਕਾਟੀ ਪਾਈ ਹੈ,
ਘਰ ਦੀ ਕੰਧ ਸਜਾਈ ਹੈ,
ਇਕ ਜੁੱਤੀ ਨਵੀ ਬਣਾਈ ਹੈ,
ਅਸੀਂ ਖੱਲ 'ਤਾਰ ਕੇ ਸਾਰੀ ਜੀ,
ਮੈਂ ਕਹਾਂਗਾ ਰੌਸ਼ਨੀ ਨੂੰ,
ਹੁਣ ਆ ਕੇ ਲਾਹ ਬਿਮਾਰੀ ਜੀ |

No comments:

Post a Comment