Thursday, 7 June 2012

ਤੇਰੇ ਕੋਹ ਕੋਹ ਲੰਬੇ ਵਾਲ ਕੁੜੇ

ਤੇਰੇ ਕੋਹ ਕੋਹ ਲੰਬੇ ਵਾਲ ਕੁੜੇ,
ਤੂੰ ਗੁੰਦੇ ਫੁੱਲਾਂ ਨਾਲ ਕੁੜੇ |

ਸੁਣ ਚੰਚਲ ਸ਼ੋਖ ਹਸੀਨਾ ਇਹ,
ਹਵਾ 'ਚ ਤਾਰੀਆਂ ਲਾਉਂਦੇ ਨੇ |
ਨਾਲੇ ਤੇਰੀ ਅੱਡੀ ਚੁਮਨ ਨੂੰ,
ਬੜਾ ਗੇਸੂ ਸ਼ੋਰ ਮਚਾਉਂਦੇ ਨੇ |
ਤੂੰ ਬੋਚ ਬੋਚ ਪਬ ਧਰਦੀ ਜਦ,
ਇੱਕ ਨਾਗ ਵਲੇਵਾਂ ਪਾਉਂਦੇ ਨੇ |
ਆਸ਼ਿਕ ਪਲ ਵਿਚ ਮਰ ਜਾਂਦੇ,
ਜ਼ਹਿਰੀ ਡੰਗ ਦੇ ਨਾਲ ਕੁੜੇ,
ਤੇਰੇ ਕੋਹ ਕੋਹ ਲੰਬੇ ਵਾਲ ਕੁੜੇ |

ਤੇਰੇ ਨੂਰੀ ਨੂਰੀ ਮੁਖੜੇ ਤੇ,
ਜਦ ਬਣ ਕੇ ਬੱਦਲ ਛਾ ਜਾਂਦੇ,
ਦੋ ਨੈਣ ਵੀ ਝੀਤਾਂ ਥਾਣੀ ਨੀ,
ਮੇਰੇ ਦਿਲ ਤੇ ਕਹਿਰ ਕਮਾ ਜਾਂਦੇ,
ਪੁਨਿਆ ਦੇ ਹਸਦੇ ਚੰਦ ਨੂੰ,
ਇੱਕ ਕੋਹਰੇ ਹੇਠ ਛੁਪਾ ਜਾਂਦੇ,
ਮੈਨੂੰ ਜਾਪੇ ਇਓਂ ਬਰਸਾਤ ਹੋਈ,
ਜਦੋਂ ਧੋ ਸੁਕਾਵੇਂ ਜਾਲ ਕੁੜੇ,
ਤੇਰੇ ਕੋਹ ਕੋਹ ਲੰਬੇ ਵਾਲ ਕੁੜੇ |

ਓਹ ਦੇਖੋ ਪਈ ਹੈ ਇੱਕ ਪਾਸੇ,
ਇਹ ਕਾਇਨਾਤ ਜੋ ਜੁਲਫਾਂ ਦੀ,
ਨਾਲੇ ਸੂਰਜ ਵੀ ਚੜ੍ਹਿਆ ਹੈ,
ਤੇ ਨਾਲੇ ਰਾਤ ਹੈ ਜੁਲਫਾਂ ਦੀ,
ਕਈ ਅਰਸ਼ੀ ਤਾਰੇ ਜੜੇ ਪਏ,
ਵਾਹ! ਕਿਆ ਬਾਤ ਹੈ ਜੁਲਫਾਂ ਦੀ,
ਇਹ ਐਵੇਂ ਇਕ-ਮਿਕ ਹੋ ਗਏ ਨੇ,
ਜਿਵੇਂ ਹੋਵਣ ਸੁਰ ਤੇ ਤਾਲ ਕੁੜੇ |
ਤੇਰੇ ਕੋਹ ਕੋਹ ਲੰਬੇ ਵਾਲ ਕੁੜੇ |

No comments:

Post a Comment