Thursday, 7 June 2012

ਪਹਿਲਾਂ ਪਿਛੋਂ

ਅਸੀਂ ਅੱਗ ਤੇ ਪਾਣੀ ਪਾਉਂਦੇ ਰਹੇ, ਓਹ ਫੂਕਾਂ ਮਾਰ ਮ੍ਘਾਉਂਦੇ ਰਹੇ,
ਕੁਝ ਘਟਾ ਬੜੀ ਘਨਘੋਰ ਸੀ, ਕੁਝ ਪੈਲਾਂ ਪਾਉਂਦੇ ਮੋਰ ਸੀ |
ਅਸੀਂ ਬਣ ਘਟਾਵਾਂ ਬਰਸ ਗਏ, ਓਹ ਬੇਖਬਰੇ ਜਿਹੇ ਪਏ ਰਹੇ,
ਕੁਝ ਹਵਾ ਬੜੀ ਪੁਰਸ਼ੋਰ ਸੀ, ਕੁਝ ਹੁਸਨ ਬੜਾ ਮੂਹ੍ਜ਼ੋਰ ਸੀ |

ਅਸੀਂ ਪਿਆਰ ਦੀ ਪੁੜੀ ਲੁਟਾਉਂਦੇ ਰਹੇ, ਓਹ ਸੀਨੇ ਖਿਚਾਂ ਪਾਉਂਦੇ ਰਹੇ,
ਕੁਝ ਐਸਾ ਹੀ ਓਹ ਦੌਰ ਸੀ, ਜਦ ਸੁਪਨੇ ਵਿਚ ਚਿਤ੍ਚੋਰ ਸੀ |
ਅਸੀਂ ਦਿਲ ਦੇ ਦਾਗ ਛੁਪਾ ਬੈਠੇ, ਓਹ ਗੱਲਾਂ ਜਿਹੀਆਂ ਬਣਾਉਂਦੇ ਰਹੇ,
ਕੁਝ ਉਮਰ ਨਵੀ ਨਕੋਰ ਸੀ, ਕੁਝ ਦਿਲ ਦੇ ਵਿਚ ਵੀ ਖੋਰ ਸੀ

ਅੰਤਿਮ ਸੰਸਕਾਰ

ਜਾਲ ਦਿੱਤੇ ਉਦੋਂ ਸਾਰੇ, ਖ਼ਤ ਤੇਰੇ ਹਾਣੀਆ,
ਜਦੋਂ ਛ੍ਹੋਏ ਕਿਸੇ ਹੱਥ , ਹੱਥ ਤੇਰੇ ਹਾਣੀਆ |

ਖਤਾਂ ਨੂੰ ਜਲਾਣ ਦਾ,
ਕਾਲਜਾ ਬਣਾ ਲਿਆ |
ਕੰਬਦੇ ਮੈਂ ਹੱਥਾਂ ਨਾਲ,
ਤੀਲ੍ਹ੍ੜਾ ਜਲਾ ਲਿਆ |
ਦੇਖ ਸਕਿਆ ਨਾ ਜਲਦੇ,
ਸਿਰ ਜਾਹ ਘੁਮਾ ਲਿਆ |
ਹੰਝੂਆਂ ਨੇ ਅਖੀਆਂ 'ਚ,
ਡੇਰਾ ਜਾਹ ਜਮਾ ਲਿਆ |
ਆਖਰੀ ਸਲਾਮ ਇਵੇਂ, ਹੋਇਆ ਮੇਰੇ ਹਾਣੀਆ,
ਜਦੋਂ ਛ੍ਹੋਏ ਕਿਸੇ ਹੱਥ , ਹੱਥ ਤੇਰੇ ਹਾਣੀਆ |
ਜਾਲ ਦਿੱਤੇ ਉਦੋਂ ਸਾਰੇ, ਖ਼ਤ ਤੇਰੇ ਹਾਣੀਆ |

ਪਲਾਂ ਵਿਚ ਅੱਗ ਨੇ,
ਬਣਾਕੇ ਰਾਖ ਰੱਖਤਾ |
ਸ਼ਾਮਾਂ ਬੰਨੀਂ ਜਾਣ ਡਿਹਾ,
ਯਾਦਾਂ ਦਾ ਸਵੱਖਤਾ |
ਹਵਾ ਦਿਆਂ ਝੋੰਕਿਆਂ ਨੇ,
ਪਾ 'ਤਾ ਫੇਰ ਵੱਖਤਾ |
ਅੱਧਾ ਜਲਿਆ ਖ਼ਤ ਇੱਕ,
ਲਿਆ ਕੇ ਸਾਹਵੇਂ ਰੱਖਤਾ |
ਹੱਡਾਂ ਤਾਣੀ ਰਚ ਗਈ,ਚੀਸ ਮੇਰੇ ਹਾਣੀਆ,
ਜਦੋਂ ਛ੍ਹੋਏ ਕਿਸੇ ਹੱਥ , ਹੱਥ ਤੇਰੇ ਹਾਣੀਆ |
ਜਾਲ ਦਿੱਤੇ ਉਦੋਂ ਸਾਰੇ, ਖ਼ਤ ਤੇਰੇ ਹਾਣੀਆ |

ਆਖਰੀ ਨਿਸ਼ਾਨੀ ਇਹ ਜੋ,
ਸਾਂਭ ਮੈਨੇਂ ਰੱਖ ਲਈ |
ਫੋਟੋ ਤੇਰੇ ਖ਼ਤ ਦੀ,
ਜੜਾ ਕੇ ਮੈਨੇਂ ਰੱਖ ਲਈ |
ਫੁੱਲਾਂ ਵਾਲੀ ਮਾਲਾ ਵੀ,
ਚੜ੍ਹਾ ਕੇ ਇੱਕ ਰੱਖ ਲਈ |
ਨਾਲੇ ਰਾਖ ਦੀ ਮੈਂ ਪੋਟਲੀ,
ਬਣਾ ਕੇ ਇੱਕ ਰੱਖ ਲਈ |
ਗੰਗਾ ਵਿਚ ਤਾਰੇ ਕੱਲ, ਫੁੱਲ ਮੇਰੇ ਹਾਣੀਆ,
ਜਦੋਂ ਛ੍ਹੋਏ ਕਿਸੇ ਹੱਥ , ਹੱਥ ਤੇਰੇ ਹਾਣੀਆ |
ਜਾਲ ਦਿੱਤੇ ਉਦੋਂ ਸਾਰੇ, ਖ਼ਤ ਤੇਰੇ ਹਾਣੀਆ |

ਵਿਚੋਂ-ਵਿਚੋਂ

ਊਪਰੋਂ ਤਾਂ ਬੜਾ ਤੂੰ, ਮਿਠਾ ਜਿਹਾ ਬੋਲਦਾ,
ਘੋਲਦਾ ਹੈਂ ਜਹਿਰ ਪਰ, ਦਿਲਾ ਵਿਚੋਂ-ਵਿਚੋਂ |

ਟੁੱਟ ਕੇ ਇਹ ਯਾਰੀਆਂ, ਸੌ ਵਾਰ ਪੈਣ ਚਾਹੇ,
ਮਿਟਦਾ ਨਾ ਫੇਰ ਵੀ, ਗਿਲਾ ਵਿਚੋਂ-ਵਿਚੋਂ |

ਜਿੰਦਗੀ 'ਚ ਸਭ ਕੁਝ, ਹੁੰਦੇ ਹੋਏ ਫੇਰ ਵੀ,
ਜਾਪਦਾ ਏ ਤੇਰੇ ਬਾਝੋਂ, ਖਲਾਅ ਵਿਚੋਂ-ਵਿਚੋਂ |

ਕੰਨਾਂ ਵਾਲੇ ਕੱਚੇ ਭਾਵੇਂ, ਲਖ ਹੋਣ ਸੱਚੇ,
ਢਾਹ ਦਿੰਦੇ ਫੇਰ ਵੀ, ਕਿਲਾ ਵਿਚੋਂ-ਵਿਚੋਂ |

ਜਾਇਆ ਨਹੀਓਂ ਜਾਂਦੇ, ਨਾਅਰੇ ਇਨਕਲਾਬ ਦੇ,
ਦਿੰਦੇ ਇਹ ਨੀਹਾਂ ਨੂੰ, ਹਿਲਾ ਵਿਚੋਂ-ਵਿਚੋਂ |

ਬਿਰਹੋਂ ਦੀ ਅੱਗ, ਜਿਓਂ ਮਘਦਾ ਅਹਾਰਾ
ਦੇਵੇ ਇਹ ਪਿੰਡੇ ਨੂੰ, ਜਲਾ ਵਿਚੋਂ-ਵਿਚੋਂ |

ਨਸ਼ੇ ਵਾਲਾ ਕੋਹੜ, ਸਿਓਂਕ ਵਾਂਗੂ ਖਾਂਵਦਾ,
ਦਿੰਦਾ ਇਹ ਅੰਗ ਸੋਨੀ, ਗਲਾ ਵਿਚੋਂ-ਵਿਚੋਂ |   

ਫ਼ਰਕ

ਮੇਰੇ ਬੇਟੇ ਓਹਦੇ ਪੁੱਤ ਨੂੰ,
ਟੋਮੀ ਕਹਿਕੇ ਸੱਦ ਦੇ
ਟੁੱਕਰਾਂ ਓਹ ਓਸ ਨੂੰ
ਪਾਉਣ ਲੱਗੇ ਜਦ ਦੇ
ਦੁਨੀਆ ਤੇ ਵੰਡ ਦਾ
ਇਹੀ ਹੈ ਕਾਨੂਨ
ਮੇਰਾ ਉਚ੍ਹਾ ਸੁਚ੍ਹਾ ਖੂਨ
ਓਹਦੀ ਕੁੱਤੇ ਵਾਲੀ ਜੂਨ

ਮੈਂ ਤਾਂ ਵੱਡੀ ਥਾਲੀ ਡਫਦਾ
ਨਾਲੇ ਜੂਠ ਬਹੁਤ ਛੱਡ ਦਾ
ਓਹਦਾ ਡੰਗ ਮਸਾਂ ਟੱਪਦਾ
ਸਦਾ ਭਾਂਡੇ ਰਵੇ ਚਟਦਾ
ਮੈਂ ਤਾਂ ਖਾਵਾਂ ਸੁੱਕੇ ਮੇਵੇ
ਓਹ ਰੋਟੀ ਨਾਲ ਲੂਣ
ਮੇਰਾ ਉਚ੍ਹਾ ਸੁਚ੍ਹਾ ਖੂਨ
ਓਹਦੀ ਕੁੱਤੇ ਵਾਲੀ ਜੂਨ

ਮੈਂ ਵਾਂਗ ਰਾਜੇਆਂ ਦੇ ਰਹਿੰਦਾ
ਝੂਟੇ ਕਾਰਾਂ ਉੱਤੇ ਲੈਂਦਾ
ਓਹ ਭੁੰਜੇ ਦੇਖੋ ਬਹਿੰਦਾ
ਨਾਲੇ ਤੱਪਡਾਂ ਤੇ ਸੌਂਦਾ
ਮੈਂ ਤਾਂ ਹਸਾਂ ਖੇਡਾਂ ਗਾਵਾਂ
ਓਹਦੇ ਮਨ ਨੀ ਸਕੂਨ
ਮੇਰਾ ਉਚ੍ਹਾ ਸੁਚ੍ਹਾ ਖੂਨ
ਓਹਦੀ ਕੁੱਤੇ ਵਾਲੀ ਜੂਨ

ਜਿਥੇ ਓਹਨੁ ਹੋ ਜਲਾਂਦੇ
ਓਹ ਜਗਾਹ ਜਾਵੇ ਭਿੱਟੀ
ਮੇਰੇ ਨਾਲ ਕਦੀ ਓਹਦੀ 
ਨਾ ਰਲਾਓ ਤੁਸੀਂ ਮਿੱਟੀ
ਮੇਰੀ ਮਿੱਟੀ ਹੈਗੀ ਹੋਰ
ਓਹਦੀ ਮਿੱਟੀ ਵਿਚ ਊਣ
ਮੇਰਾ ਉਚ੍ਹਾ ਸੁਚ੍ਹਾ ਖੂਨ
ਓਹਦੀ ਕੁੱਤੇ ਵਾਲੀ ਜੂਨ Sony/19-May-2011

ਕਦਰਾਂ

ਕੈਸੇ ਦਿਨ ਆਏ ਨੀ ਮਾਏ, ਛਵੀਆਂ ਦੀ ਰੁੱਤ ਲੈ ਕੇ ,
ਭਰ ਜਾਂਦੀ ਲੋਥਾਂ ਨਾਲ, ਸ਼ਮਸ਼ਾਨ ਕਹਿੰਦੇ-ਕਹਿੰਦੇ |

ਪਾਲਦੀ ਸੀ ਪੇਟ ਜੋ, ਅਨਾਥ ਹੋਏ ਬਾਲ੍ੜਾਂ ਦਾ,
ਸਾੜ ਦਿੱਤੀ ਲੋਕਾਂ ਨੇ, ਦੁਕਾਨ ਕਹਿੰਦੇ-ਕਹਿੰਦੇ |

ਪੈਸੇ ਦੇ ਢੇਰ ਨੇ, ਦਬਾ ਲਿਆ ਇਨਸਾਫ਼,
ਰੁਕ ਜਾਂਦੀ ਜੋ ਵੇਖਦੀ, ਜ਼ੁਬਾਨ ਕਹਿੰਦੇ-ਕਹਿੰਦੇ |

ਛਲ ਕਪਟ ਵਿਤਕਰਾ, ਤੇ ਨਾਲ ਚਰਿਤਰਹੀਣਤਾ,
ਬਣ ਗਏ ਨੇ ਸਾਡੇ ਇਹ, ਈਮਾਨ ਕਹਿੰਦੇ-ਕਹਿੰਦੇ |

ਆਪਣੇ ਘੋਟਾਲੇ ਕਦੇ, ਚਿਤ ਵਿਚ ਆਏ ਨਹੀਓਂ,
ਸਾਥੋਂ ਪਾਈ ਵੀ ਵਸੂਲ ਲਈ, ਲਗਾਨ ਕਹਿੰਦੇ-ਕਹਿੰਦੇ |

ਕੁਝ ਐਸਾ ਹੀ ਤਾਂ ਹੋਇਆ ਸੀ, ਸੰਨ ੫੭ ਵਿਚ,
ਖੋਹ ਲਏ ਜਦ ਘਰ ਸਾਡੇ, ਮਹਿਮਾਨ ਕਹਿੰਦੇ-ਕਹਿੰਦੇ |

ਦਾਨ ਲੈਣ ਲੱਗੇ ਸਭ ਝੋਲੀਆਂ ਫੈਲਾਤੀਆਂ,
ਪਾਈ ਪੈਂਟ ਵੀ ਲੁਹਾ ਲਈ, ਜਜਮਾਨ ਕਹਿੰਦੇ-ਕਹਿੰਦੇ |

ਘਰ ਰਹਿਣ ਮਾਪੇ ਮੇਰੇ, ਵਾਂਗਰ ਪਰਾਇਆਂ ਦੇ,
ਥੱਕਾਂ ਨਾ ਮੈਂ ਇਸਨੂੰ, ਅਹਿਸਾਨ ਕਹਿੰਦੇ-ਕਹਿੰਦੇ |

ਗਧੇ ਪੁਛ ਲਿਆ ਅੱਜ, ਮੈਨੂੰ ਮੇਰੀ ਜਾਤ ਬਾਰੇ,
ਪਾਣੀ-ਪਾਣੀ ਹੋ ਗਿਆ, ਇਨਸਾਨ ਕਹਿੰਦੇ-ਕਹਿੰਦੇ |

ਹੰਝੂ

ਇਹ ਨਿੱਕਾ ਨਿੱਕਾ ਗੋਲ ਗੋਲ
ਪਲਕਾਂ ਦੀਆਂ ਪਰਤਾਂ ਫੋਲ ਫੋਲ,
ਜਦ ਆਪ ਮੁਹਾਰੇ ਵਗਦਾ ਹੈ,
ਪਥਰਾਂ ਨੂੰ ਪਾਣੀ ਕਰਦਾ ਹੈ |

ਕੁਝ ਮਰੀਆਂ ਹੋਈਆ ਸਧਰਾਂ ਦੀ,
ਤੇ ਮੈਲੀਆਂ ਹੋਈਆ ਚਦਰਾਂ ਦੀ,
ਇਹ ਖੂਬ ਗਵਾਹੀ ਭਰਦਾ ਹੈ,
ਜਦ ਅਖੀਓ ਛਮ ਛਮ ਵਰਦਾ ਹੈ |

ਰਸਮਾਂ ਦੀ ਸੂਲੀ ਚੜਿਆਂ ਦਾ,
ਵਿਚ ਇਸ਼ਕ ਦੇ ਹਰਿਆਂ ਦਾ,
ਬਣ ਸਾਥੀ ਹਾਮੀ ਭਰਦਾ ਹੈ,
ਰਾਤਾਂ ਸਿਲੀਆਂ ਕਰਦਾ ਹੈ |

ਟਹਿਨੋਂ ਪੱਤਾ ਟੁੱਟਾ ਕੋਈ,
ਜੜ ਤੋਂ ਫੜਕੇ ਪੁੱਟਾ ਕੋਈ,
ਜਦ ਲੰਮੇ ਸਾਹ ਓਹ ਭਰਦਾ ਹੈ,
ਇਹਦੇ ਸਬਰ ਦਾ ਪੱਲਾ ਫੜਦਾ ਹੈ 

ਸ਼ਾਮ ਸੰਧੂਰੀ

ਰੁਕੀਆਂ ਟਿੰਡਾਂ ਖੂਹ ਦੀਆਂ,
ਹੁਣ ਭਰਨੋ ਪਾਣੀ,
ਤੁਰ ਪਈ ਘਰ ਨੂੰ ਆਪਨੇ,
ਚਿੜੀਆਂ ਦੀ ਢਾਣੀ,
ਨੀਲੇ ਅਸਮਾਨ 'ਚ ਫੈਲਦੀ,
ਜਦ ਸ਼ਾਮ ਸੰਧੂਰੀ,
ਮੈਨੂੰ ਨੇੜੇ ਹੁੰਦੀ ਜਾਪਦੀ,
ਓਹ ਚੰਨ ਦੀ ਦੂਰੀ,

ਦਰਵਾਜ਼ੇ ਰੌਣਕਾਂ ਲੱਗੀਆਂ,
ਮਿਲ ਬੈਠੇ ਹਾਣੀ,
ਓਹ ਬਾਤਾਂ ਐਸੀਆਂ ਪਾ ਰਹੇ
ਨਾ ਕੋਈ ਸਾਨੀ,
ਜਦ ਦੂਰੋਂ ਕੰਨੀ ਗੂੰਜਦੀ,
ਬਲਦਾਂ ਨੂੰ ਘੂਰੀ,
ਮੈਨੂੰ ਨੇੜੇ ਹੁੰਦੀ ਜਾਪਦੀ,
ਓਹ ਚੰਨ ਦੀ ਦੂਰੀ |

ਬਨੇਰੇ ਤੋਂ ਧੂਆਂ ਉਠਦਾ,
ਚੁੱਲੇ ਬਹੀ ਸੁਆਣੀ,
ਬਾਬੇ ਵੇਹੜੇ ਪੁੱਜ ਗਏ,
ਪੁਛੋ ਪਾਣੀ ਧਾਣੀ,
ਬੇਬੇ ਸਿਰ ਤੇ ਮਾਰ ਲਈ,
ਜਦ ਬੁੱਕਲ ਪੂਰੀ,
ਮੈਨੂੰ ਨੇੜੇ ਹੁੰਦੀ ਜਾਪਦੀ,
ਓਹ ਚੰਨ ਦੀ ਦੂਰੀ |

ਜੁਗਨੂ ਜਗ ਬੁਝ ਕਰ ਰਿਹਾ,
ਓਹ ਝੀਤਾਂ ਥਾਣੀ,
ਖੁਸ਼ਬੂਆਂ ਵੰਡਦੀ ਜਾ ਰਹੀ,
ਅਹਾ! ਰਾਤ ਦੀ ਰਾਣੀ,
ਇਨ੍ਹਾ ਮਹਿਕਾਂ ਸੰਗ ਜਾਂਵਦੀ,
ਜਦ 'ਵਾ ਸਰੂਰੀ,
ਮੈਨੂੰ ਨੇੜੇ ਹੁੰਦੀ ਜਾਪਦੀ,
ਓਹ ਚੰਨ ਦੀ ਦੂਰੀ |

ਮੈਂ ਚੱਲਾਂ ਓਸ ਰਸਤੇ ਤੇ

ਮੈਂ ਚੱਲਾਂ ਓਸ ਰਸਤੇ ਤੇ,
ਜੋ ਮਾਨਵਤਾ ਲਈ ਖੁਲਦਾ ਹੈ,
ਜਿਥੇ ਮਿਹਨਤ ਤੇ ਖੁਸ਼ਹਾਲੀ ਹੈ,
ਤੇ ਹਰ ਇੱਕ ਸੁਪਨਾ ਫੁਲਦਾ ਹੈ,
ਜਿਥੇ ਮਿਲਕੇ ਰਹਿੰਦੈ ਹਰ ਕੋਈ,
ਤੇ ਗੀਤ ਪਿਆਰ ਦਾ ਝੁਲਦਾ ਹੈ,
ਜਿਥੇ ਵੱਡਾ ਛੋਟਾ ਕੋਈ ਨਹੀ,
ਬਰਾਬਰਤਾ ਸੰਗ ਤੁਲਦਾ ਹੈ

ਮੈਂ ਚੱਲਾਂ ਓਸ ਰਸਤੇ ਤੇ,
ਜਿਥੇ ਖੂਨ ਸਹੀਦਾਂ ਡੋਲਿਆ ਹੈ,
ਚੁੰਮ ਕੇ ਰੱਸੀ ਫਾਂਸੀ ਦੀ ਨੂੰ,
ਉਨ੍ਹਾ ਰਾਹ ਆਜ਼ਾਦੀ ਖੋਲਿਆ ਹੈ,
ਸਹਿ ਤਸ਼ੱਦਦ ਗਾਂਦੇ ਰਹੇ ਓਹ ,
ਇਕ ਰੰਗ ਦੇ ਬਸੰਤੀ ਚੋਲਿਆ ਹੈ,
ਹਰ ਮਜਬੂਰੀ ਹਰ ਲਾਚਾਰੀ,
ਇਕ ਇਨਕਲਾਬ ਹੀ ਬੋਲਿਆ ਹੈ

ਮੈਂ ਚੱਲਾਂ ਓਸ ਰਸਤੇ ਤੇ,
ਜੋ  ਰਸਮ ਰਿਵਾਜ਼ ਸਭ ਹਾੜ੍ਹ ਦਏ,
ਨਫਰਤ ਦੇ ਫੈਲੇ ਜਹਿਰ ਨੂੰ,
ਇੱਕ ਪਿਆਰ ਦੀ ਸੂਲੀ ਚਾੜ ਦਏ,
ਜੋ ਮਨ ਤੇ ਛਾਏ ਰੋਗਾਂ ਨੂੰ,
ਵਾਂਗ ਸੁੱਕੇ ਪਤਿਆਂ ਝਾੜ ਦਏ,
ਭੇਦ-ਭਾਵ ਤੇ ਜਾਲ੍ਮ੍ਤਾ ਦਾ,
ਵਰਕਾ ਵਿਚੋਂ ਫਾੜ ਦਏ,

ਮੈਂ ਚੱਲਾਂ ਓਸ ਰਸਤੇ ਤੇ,
ਜਿਥੇ ਬਜੁਰਗਾਂ ਦਾ ਸਨਮਾਨ ਹੋਵੇ,
ਖੇਲੇ ਬਚਪਨ ਵੇਹੜੇ ਵਿਚ,
ਹਰ ਬਚਾ ਦੇਸ਼ ਦੀ ਸ਼ਾਨ ਹੋਵੇ,
ਸੁੱਟ ਪਰਾਂ ਖੁਦਗਰਜ਼ੀ ਨੂੰ,
ਹਰ ਦਿਲ ਦੇ ਵਿਚ ਇਮਾਨ ਹੋਵੇ,
ਅੰਬਰ ਵੱਲ ਨੂੰ ਤੀਰ ਹੋਣ,
ਜਦ ਹਥ ਦੇ ਵਿਚ ਕਮਾਨ ਹੋਵੇ

ਸੰਗ੍ਰਿਹ

ਮੇਰੀ ਇਬਾਦਤ ਉਨ੍ਹਾਂ ਤਾਈਂ
ਜੋ ਮਨ ਵਿਚ ਯਾਦਾਂ ਵਸੀਆਂ,
ਕੁਝ ਉੱਡ ਗਈਆਂ ਬਣ ਕੇ ਪੰਛੀ,
ਕੁਝ ਹੱਡੀਂ ਗਈਆਂ ਰਚੀਆਂ,

ਬਚਪਨ ਦੇ ਅਨਭੋਲੇ ਕਾਰੇ,
ਨ੍ਹਾਏ ਰੇਤੇ ਮਲ ਕੇ |
ਸੱਜਣ ਬੇਲੀ ਯਾਰ ਮੇਰੇ ਓਹ,
ਖੇਲੇ ਮਿਲ ਰਲ ਕੇ |
ਕੁਝ ਸਮੇਂ ਦੇ ਨਾਲ ਮੁੱਕ ਗਏ,
ਸਿਖਰ ਦੁਪਹਿਰੇ ਢਲ ਕੇ |
ਮੁੜ ਨਾ ਆਉਣੇ ਮੇਲੇ ਹਾਏ ਓਹ,
ਨਾ ਓਹ ਅੰਬੀਆਂ ਕਚੀਆਂ,
ਮੇਰੀ ਇਬਾਦਤ ਉਨ੍ਹਾਂ ਤਾਈਂ
ਜੋ ਮਨ ਵਿਚ ਯਾਦਾਂ ਵਸੀਆਂ |

ਇੱਕ ਓਹ ਮੇਰੀ ਪਿਆਰ ਕਹਾਣੀ,
ਦੱਸਾਂ ਤੇ ਸ਼ਰਮਾਵਾਂ |
ਓਹ ਪਲ ਛਿਨ ਸੀ ਬੜੇ ਸੁਹਾਵੇਂ,
ਚਿਤੀੰ ਮੈਂ ਮੁਸਕਾਵਾਂ |
ਕਰ ਕਰ ਯਾਦ ਮੇਰੇ ਡਾਢੇ ਰੱਬਾ,
ਰੋਵਾਂ ਤੇ ਕੁਰਲਾਵਾਂ,
ਐਸਾ ਫੱਟ ਦੇ ਗਿਓਂ ਸੱਜਣ ਜੀ,
ਜਿਗਰੀਂ ਧਾਰਾਂ ਫਿਸੀਆਂ,
ਮੇਰੀ ਇਬਾਦਤ ਉਨ੍ਹਾਂ ਤਾਈਂ
ਜੋ ਮਨ ਵਿਚ ਯਾਦਾਂ ਵਸੀਆਂ,

ਉਮਰਾਂ ਦੇ ਇਹ ਪੰਧ ਲਮੇਰੇ,
ਕੁਝ ਯਾਰ ਬਣਾ ਲਈਏ |
ਮਿਲਦੇ ਰਹਾਂਗੇ ਹਰ ਮੋੜ ਤੇ ਆਪਾਂ,
ਕਸਮਾਂ ਖਾ ਲਈਏ |
ਆਪੋ ਆਪਣੀ ਸਭ ਰਾਹੇ ਪੈ ਗਏ,
ਕਿਸਨੂੰ ਕੀ ਕਹੀਏ |
ਟਾਵੀਂਆਂ ਟਾਵੀਂਆਂ ਸ਼ਕਲਾਂ ਅਜੇ ਵੀ,
ਵਿਚ ਜਿਹਨ ਦੇ ਬਚੀਆਂ,
ਮੇਰੀ ਇਬਾਦਤ ਉਨ੍ਹਾਂ ਤਾਈਂ
ਜੋ ਮਨ ਵਿਚ ਯਾਦਾਂ ਵਸੀਆਂ |....'Rajinder/11-OCT-201

ਸਫਰ

ਹਨੇਰ ਤੋਂ ਲੈ ਚਾਨਣ ਤਕ,
ਦਿਲ ਤੋਂ ਦਿਲ ਨੂੰ ਜਾਨਣ ਤਕ,
ਜੁਲਫਾਂ ਦੀ ਛਾਂ ਮਾਨਣ ਤਕ,
ਬਸ ਇਹੀ ਮੇਰਾ ਸੰਸਾਰ ਹੈ|

ਤੇਰੇ ਗੁੱਸੇ ਤੋਂ ਮੇਰੇ ਗਿਲੇ ਤਕ,
ਕਲੀਆਂ ਤੋਂ ਗੁਲ ਖਿਲੇ ਤਕ,
ਤੇ ਖਿਆਲਾਤਾਂ ਦੇ ਮਿਲੇ ਤਕ,
ਬਸ ਇਹੀ ਮੇਰਾ ਸੰਸਾਰ ਹੈ|

ਤੇਰੇ ਹੰਝੂਆਂ ਤੋਂ ਮੇਰੇ ਹਾਵਾਂ ਤਕ,
ਤੇਰੀ ਖੁਸ਼ੀਆਂ ਤੋਂ ਮੇਰੇ ਚਾਵਾਂ ਤਕ,
ਤੇ ਕੋਲ ਬੁਲਾਉਂਦੀਆਂ ਬਾਹਵਾਂ ਤਕ,
ਬਸ ਇਹੀ ਮੇਰਾ ਸੰਸਾਰ ਹੈ|

ਮੇਰੀ ਭਟਕਣ ਤੋਂ ਤੇਰੀ ਸ਼ਰਣ ਤਕ,
ਤੇਰੇ ਕਦਮਾਂ 'ਚ ਸਿਰ ਧਰਨ ਤਕ,
ਮੇਰੇ ਜਿਓਣ ਤੋਂ ਲੈਕੇ ਮਰਨ ਤਕ,
ਬਸ ਇਹੀ ਮੇਰਾ ਸੰਸਾਰ ਹੈ|

ਤੇਰੇ ਬਾਹਰ ਤੋਂ ਮੇਰੇ ਅੰਦਰ ਤਕ,
ਮੇਰੀ ਪੂਜਾ ਤੋਂ ਤੇਰੇ ਮੰਦਰ ਤਕ,
ਦੋ ਰੂਹਾਂ ਦੇ ਪਾਕ ਸਮੰਦਰ ਤਕ,
ਬਸ ਇਹੀ ਮੇਰਾ ਸੰਸਾਰ ਹੈ|

ਸਚੋ ਸਚ

ਸਿਆਣੇ  ਕਹਿਣ ਸਾਂਝੀ ਗੱਲ ਸਦਾ,
ਮੂਰਖ ਅਪਣਾ ਹੀ ਢੋਲ ਵ੍ਜਾਂਵ੍ਦੇ ਨੇ,
ਧੋਖਾ ਜਿੰਦਗੀ ਚ ਉਹ ਖਾਣ ਸਦਾ,
ਜੋ ਸੱਪਾਂ ਨੂੰ ਦੁਧ ਪਿਲਾਂਵ੍ਦੇ ਨੇ,
ਇਕੋ ਫਿਕਰ ਭੁਖ ਦਾ ਰਹੇ ਸਦਾ,
ਮੰਗ ਕੇ ਜੋ ਡੰਗ ਟਪਾਂਵਦੇ ਨੇ,
ਤਪਨ ਵਿਚ ਦੋਜ੍ਖਾਂ ਓਹ ਸਦਾ,
ਮਾਪੇ ਆਪਣੇ ਜੋ ਸ੍ਤਾਂਵ੍ਦੇ ਨੇ

ਗੁਝੀ ਅਖ ਨਾ ਰਹੇ ਇਸ਼ਕ਼ ਵਾਲੀ,
ਲਖ ਛੁਪਾ ਕੇ ਭਾਵੇਂ ਦੇਖ ਲਵੋ,
ਸ਼ੀਸ਼ਾ ਟੁਟਿਆ ਮੁੜ ਨਾ ਇੱਕ ਹੋਵੇ,
ਲਖ ਜੁੜਾ ਕੇ ਭਾਂਵੇ ਦੇਖ ਲਵੋ,
ਫੇਰਾ ਪਾਊ ਹੋਣੀ ਜਰੂਰ ਇਕ ਦਿਨ,
ਲਖ ਟਲਾ ਕੇ ਭਾਵੇਂ ਦੇਖ ਲਵੋ,
ਰੱਬ ਮੰਦਰੀ ਮਸੀਤੀਂ ਨਹੀ ਵਸਦਾ,
ਲਖ ਭੁਆ ਕੇ ਭਾਵੇਂ ਦੇਖ ਲਵੋ

ਬੋਲ ਜ਼ੁਬਾਨ ਦੇ ਤਿਖੇ ਤਲਵਾਰ ਨਾਲੋ,
ਜਲਦੀ ਨਾਲ ਜ਼ਖਮ ਇਹ ਭਰਦੇ ਨਹੀਂ,
ਜਿੰਨੇ ਮਰਜ਼ੀ ਟੁਕੜੇ ਕਰ ਦੇਣ ਆਪਣੇ,
ਭਾਈਆਂ ਬਿਨਾ ਫੇਰ ਵੀ ਸਰਦੇ ਨਹੀਂ,
ਸ਼ੇਰ ਸੂਰਮਾ ਨਾਗ ਬਾਜ਼ ਬਿਛੁ ਸਾਰੇ,
ਭੋਰਾ ਹਰਖ ਕਿਸੇ ਦਾ ਜਰਦੇ ਨਹੀਂ,
ਅਣਖ ਦੀ ਖਾਤਰ ਸਦਾ ਜੀਣ ਵਾਲੇ,
ਪਾਣੀ ਕਦੇ ਕਿਸੇ ਦਾ ਭਰਦੇ ਨਹੀਂ,

ਭੌਰ ਜਾਂਦੇ ਚੂਸ ਫੁੱਲਾਂ ਦਾ ਰਸ ਸਾਰਾ,
ਇਹੀ ਗਲ ਹਰ ਸ਼ਾਹੂਕਾਰ ਦੀ ਹੈ,
ਪਾੜ ਕੇ ਪੱਟ ਖਿਲਾਨਾ ਮਾਸ ਪੈਂਦਾ,
ਇਹੀ ਗਲ ਹਰ ਪਿਆਰ ਦੀ ਹੈ,
ਮਾਨਵਤਾ ਨੂ ਡੰਗੇ ਦੇਖੋ ਸੱਪ ਬਣਕੇ,
ਇਹੀ ਗਲ ਅੱਜ ਸਰਕਾਰ ਦੀ ਹੈ,
ਤੰਗੀ ਵਿਚ ਹੈ ਓਹ ਆਤਮਘਾਤ ਕਰਦਾ,
ਇਹੀ ਗਲ ਹਰ ਲਾਚਾਰ ਦੀ ਹੈ

ਲਾਲਚੀ ਕੁਤਾ

ਸੀ ਕੁਤਾ ਇਕ ਲਾਲਚੀ, ਭੁਖ ਨਾਲ ਬੇਹਾਲ |
ਮਿਲਿਆ ਟੁਕੜਾ ਮਾਸ ਦਾ ਕਰਦੇ ਹੋਏ ਭਾਲ |
ਕਿਥੇ ਖਾਵਾਂ ਇਸਨੂੰ ਮਨ ਵਿਚ ਆਇਆ ਖਿਆਲ |
ਨਦੀ ਦੇ ਵੱਲੀਂ ਓਸਨੇ ਪਾਤੀ ਆਪਣੀ ਚਾਲ |

ਨਦੀ ਕਿਨਾਰੇ ਜਦ ਓਹ, ਪੁਲ ਤੋਂ ਲੱਗਾ ਜਾਣ |
ਇੰਨੇ ਵਿਚ ਹੀ ਓਸਦਾ, ਗਿਆ ਪਾਣੀ ਵਲ ਧਿਆਨ |
ਦੇਖ ਪਰਛਾਵਾਂ ਆਪਣਾ ਹੋਇਆ ਉਸ ਗੁਮਾਨ |
ਕੁੱਤਾ ਇਹ ਇਕ ਹੋਰ ਹੈ, ਇਹਦੇ ਮੂੰਹ ਵਿਚ ਖਾਣ |

ਖੋਹਣ ਲਈ ਫੇਰ ਉਸਤੋਂ ਲੱਗਾ ਬਣਤ ਬਨਾਣ |
ਭੌਕਣ ਲਈ ਮੂੰਹ ਖੋਲਿਆ, ਲੱਗਾ ਉਸ ਡਰਾਣ |
ਪਲ ਵਿਚ ਉਸਦਾ ਮਾਸ ਵੀ, ਨਦੀ 'ਚ ਡਿੱਗਾ ਆਣ |
ਮਨ ਦੇ ਲਾਲਚ ਕਰਕੇ, ਲੱਗਾ ਹੁਣ ਪਛਤਾਣ |

ਤੇਰੇ ਕੋਹ ਕੋਹ ਲੰਬੇ ਵਾਲ ਕੁੜੇ

ਤੇਰੇ ਕੋਹ ਕੋਹ ਲੰਬੇ ਵਾਲ ਕੁੜੇ,
ਤੂੰ ਗੁੰਦੇ ਫੁੱਲਾਂ ਨਾਲ ਕੁੜੇ |

ਸੁਣ ਚੰਚਲ ਸ਼ੋਖ ਹਸੀਨਾ ਇਹ,
ਹਵਾ 'ਚ ਤਾਰੀਆਂ ਲਾਉਂਦੇ ਨੇ |
ਨਾਲੇ ਤੇਰੀ ਅੱਡੀ ਚੁਮਨ ਨੂੰ,
ਬੜਾ ਗੇਸੂ ਸ਼ੋਰ ਮਚਾਉਂਦੇ ਨੇ |
ਤੂੰ ਬੋਚ ਬੋਚ ਪਬ ਧਰਦੀ ਜਦ,
ਇੱਕ ਨਾਗ ਵਲੇਵਾਂ ਪਾਉਂਦੇ ਨੇ |
ਆਸ਼ਿਕ ਪਲ ਵਿਚ ਮਰ ਜਾਂਦੇ,
ਜ਼ਹਿਰੀ ਡੰਗ ਦੇ ਨਾਲ ਕੁੜੇ,
ਤੇਰੇ ਕੋਹ ਕੋਹ ਲੰਬੇ ਵਾਲ ਕੁੜੇ |

ਤੇਰੇ ਨੂਰੀ ਨੂਰੀ ਮੁਖੜੇ ਤੇ,
ਜਦ ਬਣ ਕੇ ਬੱਦਲ ਛਾ ਜਾਂਦੇ,
ਦੋ ਨੈਣ ਵੀ ਝੀਤਾਂ ਥਾਣੀ ਨੀ,
ਮੇਰੇ ਦਿਲ ਤੇ ਕਹਿਰ ਕਮਾ ਜਾਂਦੇ,
ਪੁਨਿਆ ਦੇ ਹਸਦੇ ਚੰਦ ਨੂੰ,
ਇੱਕ ਕੋਹਰੇ ਹੇਠ ਛੁਪਾ ਜਾਂਦੇ,
ਮੈਨੂੰ ਜਾਪੇ ਇਓਂ ਬਰਸਾਤ ਹੋਈ,
ਜਦੋਂ ਧੋ ਸੁਕਾਵੇਂ ਜਾਲ ਕੁੜੇ,
ਤੇਰੇ ਕੋਹ ਕੋਹ ਲੰਬੇ ਵਾਲ ਕੁੜੇ |

ਓਹ ਦੇਖੋ ਪਈ ਹੈ ਇੱਕ ਪਾਸੇ,
ਇਹ ਕਾਇਨਾਤ ਜੋ ਜੁਲਫਾਂ ਦੀ,
ਨਾਲੇ ਸੂਰਜ ਵੀ ਚੜ੍ਹਿਆ ਹੈ,
ਤੇ ਨਾਲੇ ਰਾਤ ਹੈ ਜੁਲਫਾਂ ਦੀ,
ਕਈ ਅਰਸ਼ੀ ਤਾਰੇ ਜੜੇ ਪਏ,
ਵਾਹ! ਕਿਆ ਬਾਤ ਹੈ ਜੁਲਫਾਂ ਦੀ,
ਇਹ ਐਵੇਂ ਇਕ-ਮਿਕ ਹੋ ਗਏ ਨੇ,
ਜਿਵੇਂ ਹੋਵਣ ਸੁਰ ਤੇ ਤਾਲ ਕੁੜੇ |
ਤੇਰੇ ਕੋਹ ਕੋਹ ਲੰਬੇ ਵਾਲ ਕੁੜੇ |

ਦੋ ਦੇ ਬੈਂਤ

ਇੱਕ ਇਤਰ ਤੇ ਦੂਜਾ ਫੁੱਲ ਸੋਹਣਾ,
ਦੋਵੇਂ ਮਿਲਕੇ ਸੁਗੰਧੀਆਂ ਫੈਲਾਂਵਦੇ ਨੇ |
ਇੱਕ ਸ਼ਾਇਰ ਤੇ ਦੂਜਾ ਵਕੀਲ ਮਿਲਕੇ,
ਦੋਵੇਂ ਗੱਪਾਂ ਸਿਰੇ ਦੀਆਂ ਸੁਣਾਂਵਦੇ ਨੇ |
ਇੱਕ ਰੁਖ ਦੂਜੀ ਗੋਦ ਮਾਂ ਦੀ,
ਦੋਵੇਂ ਛਾਵਾਂ ਠੰਡੀਆਂ 'ਚ ਬਿਠਾਂਵ੍ਦੇ ਨੇ |
ਇੱਕ ਤੀਰ ਤੇ ਦੂਜੇ ਬੋਲ ਜਬਾਨੋਂ,
ਨਿੱਕਲ ਮੁੜ ਨਾ ਵਾਪਿਸ ਆਂਵਦੇ ਨੇ |
ਇੱਕ ਚੋਰ ਤੇ ਦੂਜਾ ਯਾਰ ਆਸ਼ਿਕ਼,
ਦੋਵੇਂ ਸਮਾਂ ਰਾਤ ਦਾ ਚਾਂਹਵਦੇ  ਨੇ |
ਇੱਕ ਮੋਰ ਤੇ ਦੂਜੀ ਕੋਇਲ ਦੇਖੋ,
ਦੋਵੇਂ ਕੂਕ ਜੇ ਸੋਹਣੀ ਲਾਂਵਦੇ ਨੇ |
ਇੱਕ ਬਚਪਨ ਤੇ ਦੂਜਾ ਪਿਆਰ ਪਹਿਲਾ,
ਦੋਵੇਂ ਭੁਲਿਆਂ ਨਹੀਂ ਭੁਲਾਂਵ੍ਦੇ ਨੇ |
ਇੱਕ ਸੱਪ ਤੇ ਦੂਜਾ ਦੁਸ਼ਮਣ ਵੀ,
ਹਰ ਵਕਤ ਹੀ ਜਹਿਰ ਘੁਲਾਂਵ੍ਦੇ ਨੇ |
ਇੱਕ ਮੰਗਤਾ ਤੇ ਦੂਜਾ ਸਾਧ ਫੱਕਰ,
ਦੋਵੇਂ ਮੰਗ ਕੇ ਸਦਾ ਹੀ ਖਾਂਵਦੇ ਨੇ |
ਇੱਕ ਸ਼ਰਾਬੀ ਤੇ ਦੂਜਾ ਕੰਜੂਸ ਬਾਹਲਾ,
ਦੋਵੇਂ ਟੱਬਰ ਨੂੰ ਭੁਖਾ ਮਰਾਂਵਦੇ ਨੇ |
ਇੱਕ ਰੰਨ ਤੇ ਦੂਜੀ ਗੰਡਾਸੀ ਤਿਖੀ,
ਦੋਵੇਂ ਬੇ-ਇਤਬਾਰੇ ਕਹਾਂਵ੍ਦੇ ਨੇ |
ਇੱਕ ਹਿਜਰ ਤੇ ਦੂਜੀ ਤੋੜ ਬੁਖਾਰ ਦੀ,
ਦੋਵੇ ਭਠੀ ਦੇ ਵਿਚ ਤਪਾਂਵ੍ਦੇ ਨੇ |
ਇੱਕ ਝੂਠ ਦੂਜਾ ਯਾਰ ਮੂਰਖ,
ਦੋਵੇਂ ਵਿਚ ਮੁਸੀਬਤਾਂ ਫ੍ਸਾਂਵ੍ਦੇ ਨੇ |
ਇੱਕ ਦੁਧ ਤੇ ਦੂਜੀ ਰੋਜ਼ ਕਸਰਤ,
ਦੋਵੇਂ ਜੁੱਸੇ ਨੂੰ ਭਰਵਾਂ ਬ੍ਨਾਂਵ੍ਦੇ ਨੇ |
ਇੱਕ ਮੌਤ ਤੇ ਦੂਜਾ ਗਾਹਕ ਹੱਟੀ,
ਕਿਸੇ ਵੇਲੇ ਵੀ ਆ ਜਾਂਵਦੇ ਨੇ |
ਇੱਕ ਪਤੰਗਾ ਤੇ ਦੂਜਾ ਚਕੋਰ ਚੰਨ,
ਦੋਵੇਂ ਚਾਹਤ 'ਚ ਜਾਨ ਗਵਾਂਵਦੇ ਨੇ |

विदाई

तुम जुदा होने लगे, दिल पे उदासी छाने लगी,
पीड दिल की बूँद बनके, आँखों में आने लगी,
और ये कहने लगी, वक्त की अदा भी मुझसे,
तेरे प्यार की है हर कली अब कुम्लाने लगी |

इक वो पल थे जब तू हमारी  थी जिंदगी,
इक ये पल हैं, जब हम पे भारी है जिंदगी,
करते-करते तेरी बन्दगी, ये सिला मिला है मुझको,
फिर अजनबी से मोड़ पे, हमें ले आई है जिंदगी |

कल तुम्हे देखने को, तरसेंगी ये आँखें,
दिल से निकली आह भी यही कहेगी,
बन्दगी तो रहेगी, जब तक है दम में दम,
मगर मेरी जिंदगी में वो जिंदगी न रहेगी |

ये वक्त जो छीन कर मेरी खुशिआं,
मर के जीने की अदा मुझे सिखाएगा,
एक दिन हार जाएगा, मेरे आंसूओं से,
तब यही वक्त फिर से हमें मिलाएगा |

ਜਿੰਦਗੀ ਪਲ ਪਲ

ਪਲ ਵਿਚ ਤੋਲਾ, ਪਲ ਵਿਚ  ਮਾਸਾ, ਜਿੰਦਗੀ ਤੇਰਾ ਕੀ ਭਰਵਾਸਾ,
ਇਹ ਕੀ ਜਾਣੇ ਬੰਦਾ ਕੋਈ, ਕਦ ਫੜਾ ਦਏਂ ਹਥ ਵਿਚ ਕਾਸਾ |

ਪਲ-ਪਲ ਐਵੇਂ ਖੁਰਦੀ ਜਾਵੇਂ, ਪਾਣੀ ਦੇ ਵਿਚ ਜਿਵੇਂ ਪ੍ਤਾਸ਼ਾ,
ਇਹ ਕੀ ਜਾਣੇ ਬੰਦਾ ਕੋਈ, ਕਦ ਹੋ ਜਾਏ ਓਹ ਪਰਵਾਸਾ |

ਕਦੇ ਤੂ ਚੁਮ੍ਦੀ ਬਣ ਕੇ ਰਾਣੀ, ਕਦੇ ਤੂੰ ਕਰਦੀ ਖੇਲ ਤਮਾਸ਼ਾ,
ਇਹ ਕੀ ਜਾਣੇ ਬੰਦਾ ਕੋਈ, ਕਦ ਤੂੰ ਖੋਹ ਲਏਂ ਉਸਦਾ ਹਾਸਾ |

ਭਰਕੇ ਵੇਹੜਾ ਖੁਸ਼ੀਆਂ ਦਾ ਤੂੰ, ਫੇਰ ਤੂੰ ਪਾਉਂਦੀ ਮੀਂਹ ਚੁਮਾਸਾ,
ਇਹ ਕੀ ਜਾਣੇ ਬੰਦਾ ਕੋਈ, ਕਦ ਤੂੰ ਦੇ ਜਾਏਂ ਓਹਨੁ ਝਾਂਸਾ |

ਕਿਸੇ ਦੇ ਦਿਲ ਨੂੰ ਦੇਂਦੀ ਡੋਬਾ, ਕਿਸੇ ਵਿਰਾਉਂਦੀ ਦੇ ਧਰਵਾਸਾ,
ਇਹ ਕੀ ਜਾਣੇ ਬੰਦਾ ਕੋਈ, ਕੇਹੜੇ ਦਿਲ ਵਿਚ ਤੇਰਾ ਵਾਸਾ |

ਮੈਂ ਕਹਾਂਗਾ ਰੌਸ਼ਨੀ ਨੂੰ

ਮੈਂ ਦੇਖੀ ਭਾਂਡੇ ਮਾਂਜ੍ਦੀ,
ਸੜਕਾਂ ਤੇ ਝਾੜੂ ਲਾਂਵ੍ਦੀ,
ਚੁੱਕ ਗੋਦੀ ਬਚੇ ਸਾਂਭਦੀ,
ਤੇ ਗਲੀ 'ਚ ਫੇਰਾ ਪਾਂਵ੍ਦੀ,
ਹਾਲੀ ਉਮਰ ਨਿਆਣੀ ਸੀ ਬੜੀ,
ਓਹ ਵਿਚ ਸਕੂਲ ਦੇ ਨਾ ਪੜ੍ਹੀ,
ਇਕ ਪੇਟ ਦੀ ਖਾਤਿਰ ਕਰੀ ਅੜੀ
ਗਿਆ ਬਚਪਨ ਮਾਰ ਉਡਾਰੀ ਜੀ,
ਮੈਂ ਕਹਾਂਗਾ ਰੌਸ਼ਨੀ ਨੂੰ,
ਹੁਣ ਆ ਕੇ ਲਾਹ ਬਿਮਾਰੀ ਜੀ |

ਕਈ ਨਿੱਕੀ ਉਮਰੇ ਮੰਗ ਦਿੱਤੇ,
ਵਿਆਹ ਦੀ ਸੂਲੀ ਟੰਗ ਦਿੱਤੇ,
ਕਰ ਹਾਸ਼ੀਏ ਉਨ੍ਹਾ ਦੇ ਤੰਗ ਦਿੱਤੇ,
ਵਿਚ ਭਰ ਨੇ ਕਾਲੇ ਰੰਗ ਦਿੱਤੇ |
ਜਿਹੜੇ ਹਥੀਂ ਲਾਏ ਸਨ ਬੂਟੇ,
ਖੁਦ ਸੰਘ ਉਨ੍ਹਾਂ ਦੇ ਹਨ ਘੁੱਟੇ,
ਕਈ ਬੀਜ਼ ਪੇਟ ਵਿਚ ਭੰਨ ਸੁੱਟੇ,
ਉਨ੍ਹਾਂ ਤੇਜ਼ ਚਲਾ ਕੇ ਆਰੀ ਜੀ,
ਮੈਂ ਕਹਾਂਗਾ ਰੌਸ਼ਨੀ ਨੂੰ,
ਹੁਣ ਆ ਕੇ ਲਾਹ ਬਿਮਾਰੀ ਜੀ |

ਜ਼ਬਰ ਦੀ ਚਾਰਦੀਵਾਰੀ ਹੈ,
ਕੰਮੀਆਂ ਤੇ ਦਾਵੇਦਾਰੀ ਹੈ,
ਝੂਠ ਦੀ ਹੋਈ ਸਵਾਰੀ ਹੈ,
ਮਤਲਬ ਦੀ ਦੁਨੀਆ ਸਾਰੀ ਹੈ |
ਇਥੇ ਮੌਤ ਦੇ ਹੋਏ ਸਮਾਨ ਬੜੇ,
ਕਈ ਹਥ 'ਚ ਫੜੀ ਕਮਾਨ ਖੜ੍ਹੇ,
ਬਸ ਵਾਚਣ ਕਦ ਉਡਾਨ ਭਰੇ,
ਇਹ ਪੰਛੀ ਵਾਰੋ ਵਾਰੀ ਜੀ,
ਮੈਂ ਕਹਾਂਗਾ ਰੌਸ਼ਨੀ ਨੂੰ,
ਹੁਣ ਆ ਕੇ ਲਾਹ ਬਿਮਾਰੀ ਜੀ |

ਰੁਖਾਂ ਦੀ ਬਸਤੀ ਕਟਾ ਦਿੱਤੀ,
ਪਸ਼ੂਆਂ ਦੀ ਹਸਤੀ ਮਿਟਾ ਦਿੱਤੀ,
ਖੂਨ ਦੀ ਕੀਮਤ ਘਟਾ ਦਿੱਤੀ,
ਸਚ ਦੀ ਜਗਾਹ ਹਟਾ ਦਿੱਤੀ |
ਕੁਦਰਤ ਨਾ’ ਕਾਟੀ ਪਾਈ ਹੈ,
ਘਰ ਦੀ ਕੰਧ ਸਜਾਈ ਹੈ,
ਇਕ ਜੁੱਤੀ ਨਵੀ ਬਣਾਈ ਹੈ,
ਅਸੀਂ ਖੱਲ 'ਤਾਰ ਕੇ ਸਾਰੀ ਜੀ,
ਮੈਂ ਕਹਾਂਗਾ ਰੌਸ਼ਨੀ ਨੂੰ,
ਹੁਣ ਆ ਕੇ ਲਾਹ ਬਿਮਾਰੀ ਜੀ |

ਸਖਸ਼ੀਅਤ-ਅਖਾਂ ਦੀ ਜ਼ੁਬਾਨੀ

ਝਪਕਦੇ ਨੈਣ, ਦੁਖੜੇ ਸਹਿਣ,
ਹੰਝੂ ਵਹਿਣ, ਆਸਾਂ ਢਹਿਣ |

ਝਪਕਦੇ ਨੈਣ, ਸੁਖ ਚੈਨ,
ਪਿਆਰ ਲੈਣ, ਵਸਦੇ ਰਹਿਣ |

ਝਪਕਦੇ ਨੈਣ, ਗੁਝੀਆਂ ਕਹਿਣ,
ਯਾਰੀਆਂ ਪੈਣ, ਗੁੰਮੇ ਰਹਿਣ |

ਝਪਕਦੇ ਨੈਣ, ਗਿਡੀਆਂ ਪੈਣ,
ਮਖੀਆਂ ਬਹਿਣ, ਦੁਖਦੇ ਰਹਿਣ,

ਝਪਕਦੇ ਨੈਣ, ਭੱਜ ਕੇ ਪੈਣ,
ਜਿਸਮ ਦਹਿਨ, ਕਹਿਰ ਢਹਿਣ |

ਝਪਕਦੇ ਨੈਣ, ਖੁਸ਼ੀਆਂ ਵਹਿਣ,
ਹਸਦੇ ਰਹਿਣ, ਬੁੱਲੇ ਲੈਣ |

ਕਿਤੋਂ ਚਲ ਕੇ ਤੂੰ ਆਜਾ ਹਾਣੀਆ

ਕਿਤੋਂ ਚਲ ਕੇ ਤੂੰ ਆਜਾ ਹਾਣੀਆ,
ਮੇਰੇ ਹੰਝ ਦਾ ਪੈਮਾਨਾ ਛਲਕੇ |
ਤੈਨੂੰ ਰੋਜ਼-ਰੋਜ਼ ਔਸੀਆਂ ਮੈਂ ਪਾਉਨੀਆਂ,
ਤੇਰੇ ਨਾਮ ਤੇ ਇਹ ਦਿਲ ਧੜਕੇ |

ਯਾਦ ਆਉਣ ਮੈਨੂੰ ਝਨਾਂ ਦੀਆਂ ਤਾਰੀਆਂ,
ਜਦੋਂ ਗੂਹੜੀਆਂ ਸੀ ਪੈ ਗਈਆਂ ਯਾਰੀਆਂ |
ਬੈਠੇ ਪਿੱਪਲਾਂ ਦੀ ਛਾਵੇਂ ਪਿਠਾਂ ਜੋੜ ਕੇ,
ਮਿਲੇ ਦੋਵੇਂ ਆਪਾਂ ਰਸਮਾਂ ਨੂ ਤੋੜ ਕੇ |
ਕੀਤੇ ਕੌਲ ਤੇ ਕਰਾਰ ਵੀ ਹਜ਼ਾਰ ਸੀ,
ਅਸਾਂ ਹਥਾਂ ਵਿਚ ਹਥ ਫੜਕੇ |
ਕਿਤੋਂ ਚਲ ਕੇ ਤੂੰ ਆਜਾ ਹਾਣੀਆ,
ਮੇਰੇ ਹੰਝ ਦਾ ਪੈਮਾਨਾ ਛਲਕੇ |

ਬੋਲ ਕੰਨੀਂ ਰਹਿਣ ਹੁਣ ਤਕ ਗੂੰਜਦੇ,
ਜਦ ਰਹਿੰਦੇ ਸੀ ਹਵਾਵਾਂ ਸੰਗ ਝੂਮਦੇ,
ਸਾਥ ਮਿਲਿਆ ਜਿਓਂ ਬਾਗੀਂ ਫੁੱਲ ਖਿਲਦੇ,
ਰਾਤ ਲੰਘਦੀ ਸੀ ਤਾਰੇ ਗਿਣ ਗਿਣ ਕੇ |
ਦੇਖੇ ਸੁਪਨੇ ਜੋ ਸਧਰਾਂ ਦੇ ਨਾਲ ਸੀ,
ਟੁੱਟ ਰਹੇ ਨੇ ਕੜਚ ਕਰਕੇ |
ਕਿਤੋਂ ਚਲ ਕੇ ਤੂੰ ਆਜਾ ਹਾਣੀਆ,
ਮੇਰੇ ਹੰਝ ਦਾ ਪੈਮਾਨਾ ਛਲਕੇ |

ਪੈਂਦੇ ਰਹਿੰਦੇ ਨੇ ਭੁਲੇਖੇ ਮੈਨੂੰ ਲਖ ਵੇ,
ਸੌਂਦੀ ਫੋਟੋ ਮੈਂ ਸਿਰਹਾਣੇ ਤੇਰੀ ਰਖ ਵੇ |
ਬੂਟੇ ਦਿਲ ਵਾਲੇ, ਹੰਝੂਆਂ ਦਾ ਬੂਰ ਪਿਆ,
ਤੇਰੇ ਬਾਝੋਂ ਹੁਣ ਹਾਣੀਆ ਨਾ ਨੂਰ ਰਿਹਾ |
ਬੈਠੀ ਬਨਿਆਂ ਤੋਂ ਘੁਗੀਆਂ ਉਡਾਂਵਦੀ,
ਲੈ ਜਾਵੇ ਜੋ ਸੁਨੇਹਾ ਫੜ ਕੇ |
ਕਿਤੋਂ ਚਲ ਕੇ ਤੂੰ ਆਜਾ ਹਾਣੀਆ,
ਮੇਰੇ ਹੰਝ ਦਾ ਪੈਮਾਨਾ ਛਲਕੇ |

ਸੁਗੰਧੀਆਂ

ਵਿਚ ਰਸਤਿਆਂ ਚਲਦੇ ਚਲਦੇ ਕਦਮ ਖਲੋ ਜਾਂਦੇ,
ਜਦ ਖਿਆਲੀਂ ਓਹ ਮੇਰੇ ਰੂ-ਬ-ਰੂ ਹੋ ਜਾਂਦੇ |

ਹਵਾ ਦੇ ਵਿਚ ਸੁਗੰਧ ਜਿਹੀ, ਭਰ ਜਾਂਦੀ ਇਕ ਦਮ ਹੀ,
ਮਹਿਬੂਬ ਮੇਰੇ ਦੀ ਮੂਰਤ, ਬਣ ਜਾਂਦੀ ਇਕ ਦਮ ਹੀ |
ਮਨ ਦੇ ਵਿਚ ਤਰੰਗ ਨਵੀਂ, ਛਿੜ ਜਾਂਦੀ ਇਕ ਦਮ ਹੀ,
ਸੀਨੇ ਵਿਚਲੀ ਧੜਕਨ, ਵਧ ਜਾਂਦੀ ਇਕ ਦਮ ਹੀ |
ਜਾਂਦੇ ਅਸੀਂ ਗਵਾਚ, ਕਿ ਬੈਠ ਕੇ ਸੋ ਜਾਂਦੇ,
ਜਦ ਖਿਆਲੀਂ ਓਹ ਮੇਰੇ ਰੂ-ਬ-ਰੂ ਹੋ ਜਾਂਦੇ |

ਦਿਲ ਵਿਚ ਤਾਂਘ ਉਠਦੀ, ਮੇਰੇ ਵ੍ਸਲੇ ਯਾਰ ਲਈ,
ਮੂਹੋਂ ਦੁਆ ਨਿਕਲਦੀ, ਮੇਰੇ ਵ੍ਸਲੇ ਯਾਰ ਲਈ |
ਸਿਰ ਸਜਦਾ ਹੋ ਜਾਂਦਾ, ਮੇਰੇ ਵ੍ਸਲੇ ਯਾਰ ਲਈ,
ਮੈਂ ਰਾਹੀਂ ਫੁੱਲ ਵਿਛਾਉਂਦਾ, ਮੇਰੇ ਵ੍ਸਲੇ ਯਾਰ ਲਈ|
ਨੈਣ ਵੀ ਯਾਰੋ ਉਹਦੇ, ਸੁਪਨੇ ਵਿਚ ਖੋ ਜਾਂਦੇ,
ਜਦ ਖਿਆਲੀਂ ਓਹ ਮੇਰੇ ਰੂ-ਬ-ਰੂ ਹੋ ਜਾਂਦੇ |

ਬਣਕੇ ਲਹੂ ਦਾ ਗੇੜ, ਮੈਂ ਵਿਚ ਸਮਾ ਜਾਵਾਂ,
ਸਾਹੀਂ ਬਣ ਖੁਸ਼ਬੂ,  ਮੈਂ ਵਿਚ ਸਮਾ ਜਾਵਾਂ |
ਹੋ ਕੇ ਓਹਦੀ ਜਾਨ,  ਮੈਂ ਵਿਚ ਸਮਾ ਜਾਵਾਂ,
ਬਣ ਤਾਰੇ ਦੀ ਲੌ,  ਮੈਂ ਵਿਚ ਸਮਾ ਜਾਵਾਂ |
ਅਰਮਾਨ ਨੇ ਦਿਲ ਮੇਰੇ, ਦਿਲ ਉਹਦਾ ਛੋਹ ਜਾਂਦੇ,
ਜਦ ਖਿਆਲੀਂ ਓਹ ਮੇਰੇ ਰੂ-ਬ-ਰੂ ਹੋ ਜਾਂਦੇ |

ਹਾਣੀਆ

ਸੋਹਣੇ ਤੇਰੇ ਮੁਖ ਨੇ,
ਜਾਲ ਜਿਹਾ ਤਾਣਿਆ,
ਕਾਲੀ ਤੇਰੀ ਗੁੱਤ ਵੀ,
ਡੰਗ ਗਈ ਹਾਣੀਆ |

ਅਖਾਂ ਵਿਚ ਪਾਈ ਹੋਈ,
ਕਜਲੇ ਦੀ ਧਾਰ ਵੀ,
ਦਿਲ ਚ ਕਟਾਰ ਇਕ,
ਮਾਰ ਗਈ ਹਾਣੀਆ |

ਪੈਰਾਂ ਵਿਚ ਪਾਈਆਂ ਹੋਈਆਂ,
ਝਾਂਜਰਾਂ ਦੀ ਲੋਰ ਵੀ,
ਭਿੰਨਾ ਜਿਹਾ ਰਸ ਇਕ,
ਘੋਲ ਗਈ ਹਾਣੀਆ |

ਨੱਕ ਵਿਚ ਲੌਂਗ ਦੇ,
ਪਾਏ ਲਿਸ਼ਕਾਰੇ ਨਾਲ,
ਰਾਤ ਦੀ ਹਨੇਰ ਵੀ,
ਲਹਿਕ ਗਈ ਹਾਣੀਆ |

ਕੰਠ ਵਿਚ ਪਏ ਹੋਏ,
ਮਿਠੇ-ਮਿਠੇ ਬੋਲ ਸੁਣ,
ਕੋਇਲ ਵੀ ਕੂਕਣਾ,
ਭੁਲ ਗਈ ਹਾਣੀਆ |

ਸੱਪ ਵਾਂਗ ਮੇਲ੍ਹਦੀ,
ਚਾਲ ਤੇਰੀ ਦੇਖ ਕੇ,
ਹਿਰਨੀ ਵੀ ਤੁਰਨਾ,
ਸਿਖ ਗਈ ਹਾਣੀਆ |

ਫੁੱਲਾਂ ਗੁੰਦੇ ਸਿਰ ਉੱਤੇ,
ਭੌਰ ਹੈ ਨਜ਼ਰ ਰਖੀ,
ਹਵਾ ਵਿਚ ਮਹਿਕ ਵੀ,
ਫੈਲ ਗਈ ਹਾਣੀਆ |

ਸੂਰਜੀ ਕਿਰਨਾਂ ਦਾ,
ਤੇਜ਼ ਤੇਰੇ ਮਥੇ ਉੱਤੇ,
ਬਿੰਦੀ ਵੀ ਨਗੀਨਾ ਇਕ,
ਜੜ ਗਈ ਹਾਣੀਆ |

ਹਥਾਂ ਦੀ ਮਹਿੰਦੀ ਦੇਖ,
ਲਾਲ ਰੱਤੀ ਹੋਈ ਪਈ,
ਸ਼ਗਨਾਂ ਦੀ ਘੜੀ ਵੀ,
ਆ ਗਈ ਹਾਣੀਆ |

ਚੰਨ ਦੀਆਂ ਰਿਸ਼ਮਾਂ 'ਚ,
ਰੂਪ ਤੇਰਾ ਲੱਗੇ ਮੈਨੂੰ,
ਤੂ ਪਰੀ ਮੇਰੀ ਜਾਨ,
ਹੋ ਗਈ ਹਾਣੀਆ |

ਤਲਖੀਆਂ

ਕਿਵੇਂ ਰਹੇ ਸਤਿਕਾਰ ਹੁਣ, ਘਰ ਵਿਚ ਵੱਡੇ ਬਾਬੇ ਦਾ,
ਜਦ ਮਾਵਾਂ ਬਚੇ ਪਾਲਦੀਆਂ, ਸੁੱਕੇ ਦੁਧ ਪਿਲਾ ਕੇ |

ਪੁਛੋਂ ਕੀ ਮਜਲੂਮਾਂ ਨੂੰ, ਕਾਮਾ ਹੈ ਕਮਜ਼ੋਰ ਹੋਇਆ,
ਬਣ ਗਏ ਵੱਡੇ ਨੇਤਾ ਓਹ ਜੋ ਤੁਰਦੇ ਢਿਡ ਹਿਲਾ ਕੇ |

ਨਕਲੀ ਦੀ ਭਰਮਾਰ ਪਈ, ਦਵਾ ਵੀ ਨਕਲੀ ਹੋ ਗਈ ਏ,
ਭੁਗਤਨਗੇ ਓਹ ਆਖਰ ਨੂੰ, ਜੋ ਵੇਚਣ ਜਹਿਰ ਮਿਲਾ ਕੇ |

ਪੈਂਦੇ ਡਾਕੇ ਘਰੋਂ ਘਰੀਂ, ਰਿਸ਼ਵਤਖੋਰੀ ਬਾਦਸਤੂਰ,
ਚੋਰਾਂ ਦੇ ਸੰਗ ਵਾੜ ਵੀ, ਹੁਣ ਉੱਡੇ ਖੰਭ ਫੈਲਾ ਕੇ |

ਕੁਝ ਤਾਂ ਸ਼ਾਹੂਕਾਰਾਂ ਲੁਟਿਆ, ਹੜ੍ਹ ਸੋਕੇ ਵੀ ਮਾਰ ਲਿਆ,
ਉਹ ਸਾਡਾ ਅੰਨਦਾਤਾ ਜੋ, ਰੋਂਦਾ ਰਹੇ ਚਿਲਾ ਕੇ |

ਹੈ ਹਵਾ ਦੇ ਵਿਚ ਦੁਰਗੰਧ ਜਿਹੀ, ਇਕ ਝੂਠ ਹਨੇਰੀ ਵਗਦੀ ਏ,
ਚਲਿਆ ਸੀ ਜੋ ਮਾਰਗ ਸਚੇ, ਬੈਠਾ ਗੋਡ ਛਿਲਾ ਕੇ |

ਕਹਿੰਦੇ ਸੀ ਜੋ ਬਦਲ ਦਿਆਂਗੇ, ਨ੍ਹੇਰੇ ਨੂੰ ਰੁਸ਼ਨਾਈਆਂ ਤੀਕ,
ਵਿਚ ਪਤਾਲੀਂ ਬੈਠ ਗਏ ਓਹ, ਸਭ ਕੁਝ ਛਿੱਕੇ ਲਾ ਕੇ |

ਲਭਦਾ ਕਿਉਂ ਏ ਯਾਰਾ ਹੁਣ ਤੂੰ, ਮੋਤੀ ਸੀਪ ਦੇ ਸਾਗਰ ਵਿਚੋਂ,
ਮਗਰਮਛ ਹੀ ਪਾਲੇ ਹਨ ਅਸੀਂ, ਮਛੀਆਂ ਖੂਬ ਖਿਲਾ ਕੇ |

ਹਥਾਂ ਦੀਆਂ ਕਿਸਮਾਂ

ਇਕ ਹਥ ਵਿਚ ਕਿਸਮਤ ਮਾੜੀ ਹੈ,
ਇਕ ਹਥ ਵਿਚ ਦੌਲਤ ਭਾਰੀ ਹੈ,
ਇਕ ਹਥ ਨੇ ਫੜੀ ਕਟਾਰੀ ਹੈ,
ਇਕ ਹਥ ਛਾਵਾਂ ਕਰਦਾ ਹੈ |

ਇਕ ਹਥ ਨੇ ਦਿੱਤੇ ਸਹਾਰੇ ਨੇ,
ਇਕ ਹਥ ਨੇ ਲਖਾਂ ਤਾਰੇ ਨੇ,
ਇਕ ਹਥ ਨੇ ਲਖਾਂ ਮਾਰੇ ਨੇ,
ਇਕ ਹਥ ਰਖਿਆ ਕਰਦਾ ਹੈ |

ਇਕ ਹਥ ਨੇ ਕਹਿਰ ਬਰਪਾਏ ਨੇ,
ਇਕ ਹਥ ਨੇ ਲਾਡ ਲਡਾਏ ਨੇ,
ਇਕ ਹਥ ਨੇ ਬੂਟੇ ਲਾਏ ਨੇ,
ਇਕ ਹਥ ਜੰਗਲ ਕਟਦਾ ਹੈ |

ਇਕ ਹਥ ਜਾਲ ਵਿਛਾਉਂਦਾ ਹੈ,
ਇਕ ਹਥ ਚੋਗ ਚੁਗਾਉਂਦਾ ਹੈ,
ਇਕ ਹਥ ਹੁਕਮ ਚਲਾਉਂਦਾ ਹੈ,
ਇਕ ਹਥ ਸਲਾਮਾਂ ਕਰਦਾ ਹੈ |

ਇਕ ਹਥ ਜਿਹਾ ਜਾਨੀ ਕੋਈ ਨਹੀ,
ਇਕ ਹਥ ਦਾ ਸਾਨੀ ਕੋਈ ਨਹੀ,
ਇਕ ਹਥ ਜਿਹਾ ਦਾਨੀ ਕੋਈ ਨਹੀ,
ਇਕ ਹਥ ਸਦਾ ਮੂੰਹ ਅੱਡਦਾ ਹੈ |

ਇਕ ਹਥ ਮੀਤ ਬਣਾਉਂਦਾ ਹੈ,
ਇਕ ਹਥ ਫਾਂਸੀ ਲਾਉਂਦਾ ਹੈ,
ਇਕ ਹਥ ਰੱਜ ਖੁਆਉਂਦਾ ਹੈ,
ਇਕ ਹਥ ਹਮੇਸ਼ਾ ਲੁੱਟਦਾ ਹੈ |

ਇਕ ਹਥ ਮਹਿਲ ਬਣਾਉਂਦਾ ਹੈ,
ਇਕ ਹਥ ਕੰਗਰੇ ਢਹਾਉਂਦਾ ਹੈ,
ਇਕ ਦੇਹ ਥਾਪੀ ਸ਼ੇਰ ਬਣਾਉਂਦਾ ਹੈ,
ਇਕ ਹਥ ਸਦਾ ਹੀ ਕੰਬਦਾ ਹੈ |

ਇਕ ਹਥ ਤੀਰ ਚਲਾਉਂਦਾ ਹੈ,
ਇਕ ਹਥ ਮੱਲਮ ਲਾਉਂਦਾ ਹੈ,
ਇਕ ਹਥ ਟਲ ਬਜਾਉਂਦਾ ਹੈ,
ਇਕ ਹਥ ਸੱਪ ਬਣ ਡਸਦਾ ਹੈ |

ਇਕ ਹਥ ਵੇਹਲਾ ਗਾਉਂਦਾ ਹੈ,
ਇਕ ਹਥ ਬੋਝਾ ਢਾਉਂਦਾ ਹੈ,
ਇਕ ਹਥ ਪਾਪ ਕਮਾਉਂਦਾ ਹੈ,
ਇਕ ਹਥ ਦੁਆ ਲਈ ਉਠਦਾ ਹੈ |

ਨਾ ਬਾਲੀ ਉਮਰੇ ਵਿਆਹ

ਨਾ ਬਾਲੀ ਉਮਰੇ ਵਿਆਹ ਬਾਬਲਾ,
ਨਾ ਬਾਲੀ ਉਮਰੇ ਵਿਆਹ |

ਹਾਲੇ ਤਾਂ ਮੇਰੇ ਖੇਲਣ ਦੇ ਦਿਨ,
ਹਾਲੇ, ਤਾਂ ਮੇਰੇ ਮੱਲਨ ਦੇ ਦਿਨ |
ਨਾਲ ਸਹੇਲੀਆਂ ਘਰ-ਘਰ ਖੇਡਾਂ,
ਗੁਡੀਆਂ ਪਟੋਲੇ ਖੜੇ ਉਡੀਕਣ |
ਹਾਲੇ ਤਾਂ ਮੈਂ ਪੜਨਾ ਚਾਹੁੰਦੀ,
ਵਿਚ ਸਕੂਲੀ ਵੀਰਾ ਜੀਕਣ |
ਹਾਲੇ ਤਾਂ ਮੈਨੂ ਸੋਝ ਨਾ ਕੋਈ,
ਹਾਲੇ ਤਾਂ ਮੇਰੇ ਸਿਖਣ ਦੇ ਦਿਨ |
ਅਜੇ ਅਧੂਰੇ ਮੇਰੇ ਚਾਅ,
ਨਾ ਬਾਲੀ ਉਮਰੇ ਵਿਆਹ ਬਾਬਲਾ,
ਨਾ ਬਾਲੀ ਉਮਰੇ ਵਿਆਹ |

ਹਾਲੇ ਤਾਂ ਮੇਰੀ ਮੱਤ ਹੈ ਨਿੱਕੀ,
ਹਾਲੇ ਤਾਂ ਮੇਰੀ ਕੁਖ ਹੈ ਕੱਚੀ,
ਕਿਵੇਂ ਮੈਂ ਇਕ ਬਾਲ ਨੂੰ ਸਾਂਭਾਂ,
ਹਾਲੇ ਤਾਂ ਮੈਂ ਖੁਦ ਹਾਂ ਬੱਚੀ |
ਕਿਵੇਂ ਦਸ ਇਕ ਘਰ ਨੂੰ ਬੰਨਾਂ ,
ਬਣਕੇ ਮੈਂ ਇਕ ਸੁਗੜ੍ਹ ਸੱਚੀ |
ਕਿਵੇਂ ਦਸ ਇਹ ਦੁਖ ਸੁਖ ਸਮਝੇ,
ਅਜੇ ਅਨਜਾਣ ਹੈ ਤੇਰੀ ਬੱਚੀ |
ਕਰਦੀ ਹਾਂ ਬਸ ਇਹੀ ਦੁਆ,
ਨਾ ਬਾਲੀ ਉਮਰੇ ਵਿਆਹ ਬਾਬਲਾ,
ਨਾ ਬਾਲੀ ਉਮਰੇ ਵਿਆਹ |

ਮੇਰੇ ਪਿੰਡ ਦਾ ਸਕੂਲ

ਮੇਰੇ ਪਿੰਡ ਦਾ ਸਕੂਲ
ਮੈਨੂੰ ਆਵੇ ਬੜਾ ਯਾਦ,
ਜਦੋਂ ਪੜਦੇ ਸੀ ਲੈ ਕੇ
ਪਹਾੜੇ ਦੀ ਕਿਤਾਬ |

ਓਹ ਕੰਧਾਂ ਉੱਤੇ ਲਿਖੇ ਹੋਏ
ਸਿਖਿਆ ਦੇ ਵਾਕ,
ਓਹ ਹਥਾਂ ਵਿਚ ਫੜੇ ਹੋਏ
ਚਿੱਟੇ ਜਿਹੇ ਚਾਕ,
ਓਹ ਲੱਕੜੀ ਦੀ ਫੱਟੀ
ਨਾਲੇ ਕਲਮ ਦਵਾਤ,
ਓਹ ਘਰ ਵੱਲ ਭਝਨਾ
ਛੁੱਟੀ ਹੋਣ ਬਾਅਦ |

ਓਹ ਸੈਲਾਂ ਦੇ ਖੋਲ
ਸਾਂਭ ਸਾਂਭ ਰਖ੍ਹਨਾ,
ਓਹ ਟਾਟ ਦੀਆਂ ਬੋਰੀਆਂ ਨੂੰ
ਮਿੱਟੀ ਝਾੜ ਛੱਟਣਾ,
ਓਹ ਗਰਮੀ ਦੇ ਦਿਨ
ਤੇ ਨਿੰਮ੍ਹ ਥੱਲੇ ਬੈਠਨਾ,
ਓਹ ਸਰਦ ਰੁੱਤ ਹੋਣ ਤੇ
ਧੁੱਪ ਨੂੰ ਵੀ ਸੇਕਣਾ |

ਓਹ ਨਿੱਕੇ ਨਿੱਕੇ ਹਥਾਂ ਨਾਲ,
ਫੱਟੀਆਂ ਓਘਾਨੀਆਂ,
ਲਿਖ ਲਿਖ ਫੇਰ ਓਹ
ਗਾਚੀ ਨਾ' ਪੁਚਾਣੀਆਂ,
ਪੋਚ ਪੋਚ ਫੇਰ ਓਹ
ਧੁੱਪ ਚ ਸੁਕਾਣੀਆਂ,
ਨਾਲੇ ਮਾਈ ਕੋਲੋਂ ਲੈ ਕੇ
ਗੋਲੀਆਂ ਵੀ ਖਾਣੀਆਂ |

ਓਹ ਅਧੀ ਛੁੱਟੀ ਵੇਲੇ ਜਦ
ਪੌਣਿਆਂ ਨੂੰ ਖੋਲ੍ਹਣਾ,
ਨਾਲੇ ਯਾਰਾਂ ਬੇਲੀਆਂ ਦੇ
ਝੋਲਿਆਂ ਨੂੰ ਟੋਹਲਣਾ,
ਕਦੇ ਕਰ ਦੇਣੀ ਕੱਟੀ,
ਕਦੇ ਫੇਰ ਬੋਲਨਾ,
ਓਹ ਵੇਲਾ ਬੇਲੀਓ,
ਕਦੇ ਨਹੀਓ ਭੁਲਣਾ |

ਗੁਨਾਹਗਾਰ

ਜਿੰਨੇ ਤੀਰ ਤੇਰੀ ਕਮਾਨ 'ਚ ਨੇ,
ਉਦੂੰ ਜਿਆਦਾ ਪੰਛੀ ਉਡਾਨ 'ਚ ਨੇ |

ਨਾ ਕਰ ਹੁਣ ਹੋਰ ਬੇਪਰਵਾਹੀਆਂ,
ਕਿੰਨੇ ਹੀ ਗੁਨਾਹ ਗਿਰੇਵਾਨ 'ਚ ਨੇ |

ਨਹੀ ਤੋੜ ਸਕਦਾ ਲਾ ਕੇ ਪੂਰੀ ਵਾਹ,
ਲਖਾਂ ਹੀ ਜੋ ਤਾਰੇ ਅਸਮਾਨ 'ਚ ਨੇ |

ਲੈ ਕੇ ਬੈਠ ਜਾਣਾ ਇਕ ਦਿਨ ਤੈਨੂੰ,
ਲਖਾਂ ਬਦ-ਦੁਆਵਾਂ ਜ਼ੁਬਾਨ 'ਚ ਨੇ |

ਦੇਣਾ ਪੈਣਾ ਆਖਿਰ ਕਰਮਾਂ ਦਾ ਯੋਗ,
ਇਹੀ ਗੱਲਾਂ ਹਰ ਪੁਰਾਣ 'ਚ ਨੇ |

ਲਖ ਕਢ ਹੱਲ ਖੁਦ ਨੂੰ ਬਚਾਣ ਲਈ,
ਪੈਰ ਤੇਰੇ ਹੁਣ ਸ਼ਮਸ਼ਾਨ 'ਚ ਨੇ |

ਵਰਖਾ ਆਈ

ਵਰਖਾ ਆਈ, ਵਰਖਾ ਆਈ,
ਪਾਣੀ ਲਿਆਈ, ਪਾਣੀ ਲਿਆਈ |

ਨਦੀਆਂ ਨਾਲੇ ਚੜ੍ਹ ਪਏ ਵੱਗਨ,
ਮੋਰਾਂ ਦੇ ਵੀ ਪੱਬ ਨਾ ਲੱਗਣ,
ਪੈਲਾਂ ਪਾਉਂਦੇ ਸੋਹਣੇ ਲੱਗਣ,
ਡੱਡੂ ਵੀ ਟਰ ਟਰ ਲਗਾਈ,
ਵਰਖਾ ਆਈ, ਵਰਖਾ ਆਈ,
ਪਾਣੀ ਲਿਆਈ, ਪਾਣੀ ਲਿਆਈ |

ਰਿਮਝਿਮ ਹੋ ਗਈ ਸਾਰੇ ਪਾਸੇ,
ਬੱਦਲ ਗੜ੍ਹਕਣ ਵਿਚ ਅਕਾਸ਼ੇ,
ਬਹਿ ਕੇ ਖਾਓ ਫੁੱਲ ਪਤਾਸ਼ੇ,
ਮੰਮੀ ਨੇ ਵੀ ਖੀਰ ਬਣਾਈ,
ਵਰਖਾ ਆਈ, ਵਰਖਾ ਆਈ,
ਪਾਣੀ ਲਿਆਈ, ਪਾਣੀ ਲਿਆਈ |

ਪੀਂਘ ਅਸਮਾਨੀ ਨਜਰੀਂ ਆਏ,
ਸੱਤ ਰੰਗਾਂ ਦੇ ਮੇਲ ਬਣਾਏ,
ਇੰਦਰ ਬੈਠਾ ਝੂਟੀ ਜਾਏ,
ਅੰਸ਼ੁ ਦੀ ਵੀ ਵਾਰੀ ਆਈ,
ਵਰਖਾ ਆਈ, ਵਰਖਾ ਆਈ,
ਪਾਣੀ ਲਿਆਈ, ਪਾਣੀ ਲਿਆਈ |

ਆਓ ਮਿਲਕੇ ਮੌਜ ਮਨਾਈਏ,
ਹੱਸੀਏ ਟੱਪੀਏ ਨਚੀਏ ਗਾਈਏ ,
ਕਿਸ਼ਤੀਆਂ ਪਾਣੀ ਵਿਚ ਚਲਾਈਏ,
ਹੁਣ ਨਾ ਰੋਕੀਂ ਮੈਨੂੰ ਬਾਈ,
ਵਰਖਾ ਆਈ, ਵਰਖਾ ਆਈ,
ਪਾਣੀ ਲਿਆਈ, ਪਾਣੀ ਲਿਆਈ |

ਇਹ ਸਮਾਜਿਕ ਕੁਰੀਤੀਆਂ

ਇਹ ਸਮਾਜਿਕ ਕੁਰੀਤੀਆਂ,
ਇਹ ਸਮਾਜਿਕ ਕੁਰੀਤੀਆਂ |

ਇਕ ਪਾਸੇ ਰਿਸ਼ਵਤ ਖੋਰੀ ਵੀ,
ਇਕ ਪਾਸੇ ਕੰਮ ਦੀ ਚੋਰੀ ਵੀ,
ਇਕ ਪਾਸੇ ਮੁਫ੍ਤੀ ਖੋਰੀ ਵੀ,
ਬਣੀਆਂ ਸਰਕਾਰੀ ਨੀਤੀਆਂ,
ਇਹ ਸਮਾਜਿਕ ਕੁਰੀਤੀਆਂ,
ਇਹ ਸਮਾਜਿਕ ਕੁਰੀਤੀਆਂ |

ਇਕ ਪਾਸੇ ਜਾਦੂ ਟੋਣਾ ਹੈ,
ਇਕ ਪਾਸੇ ਬਾਲ ਵਿਆਓਨਾ ਹੈ,
ਬਿਨ ਜੰਮੀ ਮਾਰ ਮੁਕਾਉਣਾ ਹੈ,
ਹੁਣ ਸਾਡੇ ਹੱਡੀਂ ਸੀਚੀਆਂ,
ਇਹ ਸਮਾਜਿਕ ਕੁਰੀਤੀਆਂ,
ਇਹ ਸਮਾਜਿਕ ਕੁਰੀਤੀਆਂ |

ਇਕ ਪਾਸੇ ਪਾੜ ਪੁਆਇਆ ਹੈ,
ਧਰਮ ਦੇ ਨਾਂ ਲੜਾਇਆ ਹੈ,
ਬਾਬਰੀ ਮੰਦਰ ਢਾਹਿਆ ਹੈ,
ਇਹ ਹੱਡ-ਜੱਗ ਬੀਤੀਆਂ,
ਇਹ ਸਮਾਜਿਕ ਕੁਰੀਤੀਆਂ,
ਇਹ ਸਮਾਜਿਕ ਕੁਰੀਤੀਆਂ |

ਇਕ ਪਾਸੇ ਟੇਵੇ ਲ਼ਾਏ ਨੇ,
ਤੋਤੇ ਨੇ ਹਾਲ ਸੁਣਾਏ ਨੇ,
ਗੇੜ ਚੁਰਾਸੀ ਪਾਏ ਨੇ,
ਪੰਡਤਾਂ ਹੱਦਾਂ ਕੀਤੀਆਂ,
ਇਹ ਸਮਾਜਿਕ ਕੁਰੀਤੀਆਂ,
ਇਹ ਸਮਾਜਿਕ ਕੁਰੀਤੀਆਂ |

ਵਹਿਮਾਂ ਭਰਮਾਂ ਦੇ ਘੱਟੇ ਨੇ,
ਬਿਲੀਆਂ ਰਸਤੇ ਕੱਟੇ ਨੇ,
ਕੰਮ ਨੀ ਹੋਣੇ ਪੱਕੇ ਨੇ,
ਜਦ ਨਕੀਂ ਛਿੱਕਾਂ ਕੀਤੀਆਂ,
ਇਹ ਸਮਾਜਿਕ ਕੁਰੀਤੀਆਂ,
ਇਹ ਸਮਾਜਿਕ ਕੁਰੀਤੀਆਂ |

ਯੱਗਾਂ ਦਾ ਵੇਲਾ ਆਇਆ ਹੈ,
ਅਸਾਂ ਨੇ ਪਾਠ ਧਰਾਇਆ ਹੈ,
ਪੁੰਨ ਵੀ ਬੜਾ ਕਮਾਇਆ ਹੈ,
ਜਦ ਗੰਗਾ ਡੁਬੀਆਂ ਲੀਤੀਆਂ,
ਇਹ ਸਮਾਜਿਕ ਕੁਰੀਤੀਆਂ,
ਇਹ ਸਮਾਜਿਕ ਕੁਰੀਤੀਆਂ |

ਕੂੜ ਹੈ ਹੁਣ ਪ੍ਰਧਾਨ ਹੋਇਆ,
ਪਥਰ ਦਾ ਸਨਮਾਨ ਹੋਇਆ,
ਸੋਮਵਾਰੀ ਵਰਤ ਪ੍ਰਵਾਨ ਹੋਇਆ,
ਜਿਨ ਸਧਰਾਂ ਪੂਰੀਆਂ ਕੀਤੀਆਂ,
ਇਹ ਸਮਾਜਿਕ ਕੁਰੀਤੀਆਂ,
ਇਹ ਸਮਾਜਿਕ ਕੁਰੀਤੀਆਂ |

ਮਹਿਮਾ ਉਪਰੋਂ ਗਾਉਂਦਾ ਜਾਹ,
ਤੇਲ ਡਕੌਤਾਂ ਪਾਉਂਦਾ ਜਾਹ,
ਵਿਚ ਸਰੋਵਰ ਨਹਾਉਂਦਾ ਜਾਹ,
ਇਨ੍ਹਾਂ ਦੂਰ ਮੁਸ਼ਕਲਾਂ ਕੀਤੀਆਂ,
ਇਹ ਸਮਾਜਿਕ ਕੁਰੀਤੀਆਂ,
ਇਹ ਸਮਾਜਿਕ ਕੁਰੀਤੀਆਂ |

ਨਜ਼ਰ ਬਟੂ ਬਨਵਾ ਲੈ ਤੂੰ,
ਘੋੜੇ ਦੀ ਨਾਲ ਲਵਾ ਲੈ ਤੂੰ,
ਗਲ 'ਚ ਤਬੀਤ ਪਵਾ ਲੈ ਤੂੰ,
ਨਜ਼ਰਾਂ ਬਹੁਤ ਕ੍ਸੂਤੀਆਂ,
ਇਹ ਸਮਾਜਿਕ ਕੁਰੀਤੀਆਂ,
ਇਹ ਸਮਾਜਿਕ ਕੁਰੀਤੀਆਂ |

ਕੇਸਾਂ 'ਚੋਂ ਬਰੀ ਹੋ ਜਾਵੇਗਾ,
ਪੁੱਤਰ ਦੀ ਦਾਤ ਪਾਵੇਗਾ,
ਜੇ ੧੦੦ ਦਾ ਭੋਗ ਲਗਾਵੇਗਾ,
ਅਸੀਂ ਗੱਲਾਂ ਸਚੀਆਂ ਕੀਤੀਆਂ,
ਇਹ ਸਮਾਜਿਕ ਕੁਰੀਤੀਆਂ,
ਇਹ ਸਮਾਜਿਕ ਕੁਰੀਤੀਆਂ |

ਇਸ਼ਕ਼

ਲੜਿਆ ਨਾਗ ਇਸ਼ਕ਼ ਦਾ, ਜ਼ਹਿਰੀ ਜਿਵੇਂ ਭੁਜੰਗ,
ਜਿਓਂ ਬਾਗੀ ਫੁੱਲ ਨੇ ਟਹਿਕਦੇ, ਖਿਲ ਉਠਿਆ ਹਰ ਅੰਗ |

ਅਰਮਾਨਾਂ ਦਾ ਪੰਛੀ ਉੱਡਦਾ, ਜਿਓਂ 'ਸਮਾਨੀ ਪਤੰਗ,
ਦਿਲ ਦੀ ਕੋਇਲ ਕੂਕਦੀ, ਸਾਜ਼ੀਂ ਜਿਓਂ ਤਰੰਗ |

ਜਿਓਂ ਸਾਗਰ ਛਲਾਂ ਉਠਦੀਆਂ, ਠਾਠਾਂ ਮਾਰੇ ਉਮੰਗ,
ਓਹਦਾ ਪਿਆਰ ਨਿਛੋਹਾ ਦੋਸਤੋ, ਰਿਹਾ ਦੌੜ ਲਹੂ ਦੇ ਸੰਗ |

ਚੜ੍ਹੀ ਗੁਲਾਲੀ ਚਿਹਰੇ ਤੇ, ਹੋਲੀ ਦੇ ਜਿਓਂ ਰੰਗ,
ਛਾਈ ਮਦਹੋਸ਼ੀ ਏਸ ਤਰਾਂ, ਜਿਵੇਂ ਪੀ ਲਈ ਹੋਵੇ ਭੰਗ |

ਮੈਂ ਤੇਰਾ ਤੂੰ ਮੇਰਾ, ਤੁਰ ਆ ਹੋ ਨਿਸੰਗ,
ਆ ਗਲਵਕੜੀ ਪਾ ਮੈਨੂ, ਮੇਰੇ ਯਾਰ ਮਨਪਸੰਦ |

ਦਿਨਭਰ

ਨੀਂਦ ਖੁੱਲ੍ਹਦੇ ਹੀ ਯਾਰਾ,
ਤੇਰਾ ਚਿਹਰਾ ਜੋ ਪਿਆਰਾ,
ਦੇਵੇ ਅਖਾਂ ਨੂੰ ਨਜ਼ਾਰਾ,
'ਤੇ ਸੁਬਹ ਲੰਘਦੀ |

ਗੱਲ ਕਹਾਂ ਇਕ ਕੰਨ ਵਿਚ,
ਚਿੱਤ ਲੱਗਦਾ ਨਾ ਕੰਮ ਵਿਚ,
ਖਿਆਲ ਰਹੇ ਓਹਦਾ ਮਨ ਵਿਚ,
'ਤੇ 'ਪਹਿਰ ਲੰਘਦੀ |

ਪੈਰ ਓਹਦੇ ਵੱਲੀਂ ਭੱਜੇ,
ਖੁਸ਼ੀ ਬੱਦਲ ਵਾਂਗੂ ਗੱਜੇ,
ਅਖ ਵੇਖ ਵੇਖ ਨਾ ਰੱਜੇ,
'ਤੇ ਸ਼ਾਮ ਲੰਘਦੀ |

ਘੁੰਡ ਚੰਦ ਤੋਂ ਉਠਾ ਕੇ,
ਨੈਣ ਨੈਣਾਂ ਨਾ' ਮਿਲਾ ਕੇ,
ਬਾਹਾਂ, ਬਾਹਾਂ ਵਿਚ ਪਾ ਕੇ,
ਹੈ ਰਾਤ ਲੰਘਦੀ |

ਪਰ੍ਦੇਸੀਓ

ਰੋਂਦੀਆਂ ਮਾਵਾਂ ਪੁੱਤਾਂ ਨੂੰ,
ਵਿਚ ਵਲਾਇਤੀਂ ਬਹਿ ਗਏ ਜੋ,
ਮੁੜ ਵਤਨੀ ਨਾ ਫੇਰੀ ਪਾਈ,
ਜਲਦੀ ਆਊਨ ਨੂੰ ਕਹਿ ਗਏ ਜੋ,
ਖੂਹ ਨੈਣਾਂ ਦੇ ਖਾਲੀ ਹੋ ਗਏ,
ਤਕ ਸੁਨੀਆਂ ਰਾਹਾਂ ਵਹਿ ਗਏ ਜੋ,
ਦਿਲ ਦੇ ਵਿਚ ਹੀ ਹਾੜ ਲਏ ਨੇ,
ਅਥਰੂ ਕਿਰਨੋਂ ਰਹਿ ਗਏ ਜੋ |

ਉਮਰ ਬਾਪੂ ਦੀ ਢਲ ਚੱਲੀ ਹੈ,
ਨਾ ਤੂੰ ਪਰਦੇਸੋਂ ਮੁੜਿਆ ਵੇ,
ਫੜ ਡੰਗੋਰੀ ਡਿਗ ਢਹਿ ਪੈਂਦਾ,
ਹੁਣ ਨਾ ਜਾਵੇ ਤੁਰਿਆ ਵੇ,
ਪਾਏ ਵਿਛੋੜੇ ਛਾਲੇ ਦਿਲ ਵਿਚ,
ਰਹਿੰਦਾ ਹਰ ਦਮ ਝੁਰਿਆ ਵੇ,
ਰੀਝਾਂ ਦਾ ਇਹ ਫੁੱਲ ਪਤਾਸ਼ਾ,
ਵਿਚ ਪਾਣੀ ਦੇ ਖੁਰਿਆ ਵੇ |

ਭੈਣ ਤੇਰੀ ਦਾ ਹਾਲ ਬੁਰਾ,
ਹਰਦਮ ਇਹ ਫਰਿਆਦ ਕਰੇ,
ਜਦ ਵੀ ਰਖੜੀ ਜਾਂ ਦੁਸਹਿਰਾ,
ਹਰਦਮ ਤੈਨੂੰ ਯਾਦ ਕਰੇ,
ਸੌ-ਸੌ ਵਾਰੀ ਨਾਂ ਹੈ ਲੈਂਦੀ,
ਯਾਦ ਖੁਦਾ ਨੂ ਬਾਅਦ ਕਰੇ,
ਬੈਠੀ ਆਸ ਦਾ ਦੀਵਾ ਬਾਲੀ,
ਦੁਨੀਆ ਓਹਦੀ ਆਬਾਦ ਕਰੇ |

ਚਾਚੇ, ਤਾਏ, ਮਾਸੜ, ਫੁਫੜ,
ਤੋੜ ਸ਼ਕੀਰੀ ਬਹਿ ਗਏ ਨੇ,
ਵਿਚ ਪਿੰਡ ਦੇ ਮਾਪੇ ਤੇਰੇ,
ਕੱਲਮ ਕੱਲੇ ਰਹਿ ਗਏ ਨੇ,
ਉਮਰਾਂ ਦੇ ਇਹ ਬਿਖਰੇ ਪੈਂਡੇ,
ਨਾਲ ਸਿਸਕੀਆਂ ਸਹਿ ਗਏ ਨੇ,
ਹੁੰਦੀ ਪੁੱਤਾਂ ਨਾਲ ਹੀ ਰੌਣਕ,
ਸਾਧੂ ਸੰਤ ਵੀ ਕਹਿ ਗਏ ਨੇ |

ਇਬਾਦਤ

ਉਸ ਇਕ ਇਕ ਪਲ ਦੀ ਯਾਦ,
ਜਦ ਵੀ ਮਨ ਵਿਚ ਆਓਂਦੀ ਹੈ |
ਮੇਰੇ ਇਸ ਮਨ ਦੀ ਮੀਰਾ,
ਇਕ ਹੀ ਨਾਮ ਧਿਆਓਂਦੀ ਹੈ |
ਫਿਰ ਉਸ ਨਾਮ ਦੀ ਹਰ ਲੈ ਮਿਲਕੇ,
ਇਕ ਮੰਦਿਰ ਜਿਹਾ ਬਣਾਓਂਦੀ ਹੈ |
ਉਸ ਮਨ ਮੰਦਿਰ ਦੀ ਹਰ ਦਿਸ਼ਾ 'ਚੋਂ,
ਤਦ ਏਹੋ ਆਵਾਜ਼ ਆਓਂਦੀ ਹੈ |

ਇਸ ਦਿਲ ਦੇ ਕੋਰੇ ਕਾਗਜ਼ ਤੇ,
ਇਕ ਹਰਫ਼ ਰਸੀਦੀ ਕਰ ਦਿੱਤਾ |
ਮੈਂ ਆਪਣੀ ਹਰ ਕਵਿਤਾ ਵਿਚ,
ਤੇਰਾ ਨਾਮ ਹੈ ਭਰ ਦਿੱਤਾ |
ਆਪਣੀ ਹਰ ਇਕ ਖੁਸ਼ੀ ਨੂੰ,
ਅੱਜ ਤੇਰੇ ਆਂਚਲ ਕ਼ਰ ਦਿੱਤਾ |
ਅਪਨਾ ਕੇ ਹਰ ਇਕ ਗਮ ਤਿਰਾ,
ਅਖੀਆਂ ਵਿਚ ਹੈ ਭਰ ਲੀਤਾ|
ਕੇ ਮੈਂ ਆਪਣਾ ਆਪ ਵੀ,
ਤੈਨੂ ਹੀ ਸਮਰਪਿਤ ਕਰ ਦਿੱਤਾ |

ਭਾਲ

ਮੈਂ ਹਰ ਚਿਹਰੇ ਵਿਚੋਂ,
ਤੇਰਾ ਚਿਹਰਾ ਲਭਦਾ ਹਾਂ,
ਕਦੀ ਚਲਦਾ ਹਾਂ,
ਕਦੀ ਰੁਕਦਾ ਹਾਂ,
ਇਕ ਪਥਰ ਸੀਨੇ ਜਰਦਾ ਹਾਂ |

ਏਸ ਅਸਮਾਨ ਦੇ ਤਾਰਿਆਂ ਵਿਚੋਂ,
ਬਾਗ ਦੇ ਫੁੱਲਾਂ ਸਾਰਿਆਂ ਵਿਚੋਂ,
ਫਿਜ਼ਾ 'ਚ ਰੁਮਕਦੀ ਹਵਾ ਵਿਚੋਂ,
ਥਰ-ਥਰਾਓਂਦੇ ਲਬਾਂ ਵਿਚੋਂ,
ਖਿਲਦੀ ਹੋਈ ਬਹਾਰ ਵਿਚੋਂ,
ਬਦਲਦੀ ਹੋਈ ਨੁਹਾਰ ਵਿਚੋਂ,
ਗਾਉਂਦੀ ਹੋਈ ਆਵਾਜ਼ ਵਿਚੋਂ,
ਇਕ ਤੇਰਾ ਸੁਰ ਮੈਂ ਲਭਦਾ ਹਾਂ,
ਕਦੀ ਚਲਦਾ ਹਾਂ,
ਕਦੀ ਰੁਕਦਾ ਹਾਂ,
ਇਕ ਪਥਰ ਸੀਨੇ ਜਰਦਾ ਹਾਂ |

ਚੰਨ ਦੀਆਂ ਰਿਸ਼ਮਾਂ ਤੋਂ ਪਰੇ,
ਸੂਰਜ ਦੀ ਰੋਸ਼ਨੀ ਤੋਂ ਪਰੇ,
ਤੇਰੇ ਖਿਆਲਾਂ ਦੀ ਬੁਨਿਆਦ,
ਜਿਸਦਾ ਅੰਤ ਨਾ ਕੋਈ ਆਦਿ,
ਮੇਰਾ ਧੁਰ ਅੰਦਰ ਮਹਿਕ ਜਾਂਦਾ,
ਪੰਛੀ ਦਿਲ ਦਾ ਚਹਿਕ ਜਾਂਦਾ,
ਖੁਸ਼ੀਆਂ ਦਾ ਆਗਾਜ਼ ਹੋ ਜਾਂਦਾ,
ਅਰਮਾਨਾ ਨੂ ਪੰਖ ਮਿਲ ਜਾਂਦੇ,
ਪਰਵਾਜ਼ ਨੂੰ ਅੰਬਰ ਮਿਲ ਜਾਂਦੇ,
ਇਕ ਤੇਰੀ ਪਰਵਾਜ਼ ਲਭਦਾ ਹਾਂ,
ਕਦੀ ਚਲਦਾ ਹਾਂ,
ਕਦੀ ਰੁਕਦਾ ਹਾਂ,
ਇਕ ਪਥਰ ਸੀਨੇ ਜਰਦਾ ਹਾਂ |

ਉਸਤੋਂ ਬਾਅਦ ਕਹਾਣੀ ਹੋਈ,
ਹੰਝੂਆਂ ਦੇ ਨਾਲ ਯਾਰੀ ਹੋਈ,
ਹੰਝੂ ਦੇ ਘਰ ਮੇਰਾ ਰਹਿਣਾ,
ਹੰਝੂ ਪੀਣਾ, ਹੰਝੂ ਵਹਿਣਾ,
ਸਭ ਕੁਝ ਪਾ ਕੇ ਪਲ ਵਿਚ ਖੋਇਆ,
ਨਾਲ ਗਮਾਂ ਦੇ ਰਿਸ਼ਤਾ ਹੋਇਆ,
ਯਾਦਾਂ ਦਾ ਇਕ ਮੰਜ਼ਰ ਬਚਿਆ,
ਇਹੀ ਕੁਝ ਹੈ ਅੰਦਰ ਬਚਿਆ,
ਬਸ ਤੇਰੇ ਖਿਆਲ ਹੀ ਲਭਦਾ ਹਾਂ,
ਕਦੀ ਚਲਦਾ ਹਾਂ,
ਕਦੀ ਰੁਕਦਾ ਹਾਂ,
ਇਕ ਪਥਰ ਸੀਨੇ ਜਰਦਾ ਹਾਂ |

ਮੈਂ ਅਜਨਬੀ ਹਾਂ

ਮੈਂ ਅਜਨਬੀ ਹਾਂ,
ਤੇਰੇ ਸ਼ਹਿਰ ਦੋਸਤਾ |
ਮੈਂ ਜੋ ਹਾਂ, ਬਸ ਹਾਂ, ਉਹੀ ਹਾਂ,
ਤੇਰੇ ਸ਼ਹਿਰ ਦੋਸਤਾ |

ਦੇਖੇ ਹਰ ਥਾਂ ਦੇ ਉੱਤੇ,
ਹੁਸਨਾਂ ਦੇ ਨਜ਼ਾਰੇ,
ਜੋ ਇੱਕ ਰਾਤ ਖਾਤਿਰ,
ਸੀ ਕਰ ਰਹੇ ਇਸ਼ਾਰੇ |
ਜੋ ਲਭਿਆ ਚਾਰ ਚੁਫੇਰੇ,
ਮਿਲੀ ਜਿਸਮਾਂ ਦੀ ਮੰਡੀ,
ਨਾ ਰੂਹ ਉਹ ਥਿਆਈ,
ਜੋ ਕਰ ਦੇਵੇ ਠੰਡੀ |
ਮਿਲੀਆਂ ਮਿੱਟੀ ਵਿਚ ਕਦਰਾਂ,
ਪਾਏ ਬਸ ਝੂਠੇ ਵਾਅਦੇ,
ਨਹੀਂ ਛਲ ਸਕਦੇ ਮੈਨੂੰ,
ਇਹ ਨਾਪਾਕ ਇਰਾਦੇ |
ਮੈਂ ਅਜਨਬੀ ਹਾਂ,
ਤੇਰੇ ਸ਼ਹਿਰ ਦੋਸਤਾ |

ਮੇਰੇ ਦਿਲ ਦੀ ਇਹ ਭਟਕਣ,
ਮੈਂ ਕਿਥੇ ਲੈ ਕੇ ਜਾਵਾਂ,
ਹਰ ਪਲ ਦਾ ਹੁਣ ਕਿਸਨੂੰ,
ਕਿਵੇਂ ਹਾਲ ਸੁਣਾਵਾਂ |
ਹੰਝੂਆਂ ਤੋਂ ਲੈ ਕੇ ਯਾਰਾ,
ਇਹ ਦਿਲ ਤੱਕ ਦੇ ਹੌਕੇ,
ਇਕੋ ਸੁਰ ਹੋ ਕੇ 'ਕਠੇ,
ਇਹੀ ਗੱਲ ਨੇ ਬੋਲੇ |
ਮੇਰੀ ਨਸ-ਨਸ ਹੈ ਫੈਲੀ,
ਇਹ ਪਿਆਰ ਖੁਮਾਰੀ,
ਮੇਰੇ ਲਈ ਰੱਬ ਹੈ ਦੂਜਾ,
ਜੋ ਲੋਕਾਂ ਲਈ ਬਿਮਾਰੀ |
ਮੈਂ ਅਜਨਬੀ ਹਾਂ,
ਤੇਰੇ ਸ਼ਹਿਰ ਦੋਸਤਾ |

ਨਾ ਬਸ ਤੇਰੇ ਮੇਰੇ,
ਇਸ਼ਕ਼ ਦਾ ਰੋਗ ਅਵੱਲਾ,
ਪਿਆਰ ਦੇ ਰਾਹੀਂ ਪੈ ਕੇ,
ਰਹਿ ਜਾਵੇ 'ਕੱਲਾ |
ਦੁਨੀਆਂ ਦੀਆਂ ਰਸਮਾਂ ਦਾ,
ਇਹੀ ਦਸ੍ਤੂਰ ਹੈ,
ਪਿਆਰ ਵਿਚ ਝੱਲਾ ਹੋਇਆ,
ਮਰਦਾ ਮਜਬੂਰ ਹੈ |
ਮੈਂ ਇੱਕ ਜ਼ਰ੍ਰਾ ਰੇਤ ਦਾ,
ਤੂੰ ਖਾਬਾਂ ਦੀ ਰਾਣੀ,
ਲਿਖੀ ਜਾਊ ਪਤਰਾਂ ਉੱਤੇ,
ਇਸ਼ਕ਼ ਦੀ ਹੋਰ ਕਹਾਣੀ |
ਮੈਂ ਅਜਨਬੀ ਹਾਂ,
ਤੇਰੇ ਸ਼ਹਿਰ ਦੋਸਤਾ |
ਮੈਂ ਜੋ ਹਾਂ, ਬਸ ਹਾਂ, ਉਹੀ ਹਾਂ,
ਤੇਰੇ ਸ਼ਹਿਰ ਦੋਸਤਾ |

ਵੇਸਵਾ

ਵਿਚ ਬਜ਼ਾਰ ਦੇ ਆਪਣੀ, ਮੈਂ ਚਮੜੀ ਵੇਚਾਂ,
ਤਦ ਹੀ ਨਵੀ ਸਵੇਰ ਨੂੰ, ਮੈਂ ਦਮੜੀ ਦੇਖਾਂ |

ਪੰਡਾਂ ਭਰੀਆਂ ਨੱਪ ਕੇ, ਮੈਂ ਸੋਚਾਂ ਸੁਖ ਨੇ,
ਖੋਲਾਂ ਇੱਕ ਇੱਕ ਪੰਡ ਨੂੰ, ਬਸ ਗ੍ਮ੍ੜੀ ਦੇਖਾਂ |

ਸ਼ੀਸ਼ੇ ਮੂਹਰੇ ਬੈਠ ਕੇ, ਜਦ ਵਾਲ ਬਨਾਵਾਂ,
ਅਖੀਂ ਵਹਿੰਦੇ ਨੀਰ ਦੀ, ਮੈਂ ਛਮੜੀ ਦੇਖਾਂ |

ਰਾਤਾਂ ਬਣੀਆਂ ਦਿਨ ਨੇ, ਦਿਨ ਰਾਤ ਬਣੇ,
ਇਹੀ ਬਚਪਨ ਤੋਂ ਜਵਾਨੀ, ਮੈਂ ਜੰਮੜੀ ਦੇਖਾਂ |

ਬਚਕੇ ਵਹਿਸ਼ੀ ਨਜ਼ਰਾਂ ਤੋਂ, ਭਜ ਕਿਧਰ ਜਾਵਾਂ,
ਜਿਧਰ ਜਾਵਾਂ ਚਕਲੇ ਦੀ, ਇੱਕ ਥੰਮੜੀ ਦੇਖਾਂ |

ਯੁਗ ਨੂੰ ਪਲਟਣ ਵਾਸਤੇ, ਲਏ ਅਵਤਾਰ ਕੋਈ,
ਇਹੀ ਇਕ ਜੋ ਰੌਸ਼ਨੀ, ਮੈਂ ਕੰਮੜੀ ਦੇਖਾਂ |